India

ਕੈਪਟਨ ਸਾਹਬ, ਫਰਾਰ ਸੈਣੀ ਨੂੰ ਕਿਉਂ ਨਹੀਂ ਫੜਦੀ ਤੁਹਾਡੀ ਪੁਲਿਸ-ਮਨਜੀਤ ਸਿੰਘ ਜੀ.ਕੇ.

‘ਦ ਖ਼ਾਲਸ ਬਿਊਰੋ (ਦਿੱਲੀ):- ਅੱਜ ਜਾਗੋ ਪਾਰਟੀ ਵੱਲੋਂ ਪੰਜਾਬ ਭਵਨ ਦੇ ਬਾਹਰ ਧਰਨਾ ਲਾਇਆ ਗਿਆ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ‘ਪੁਲਿਸ ਕਰਮੀਆਂ ਨੇ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।  ਅਸੀਂ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਪ੍ਰਦਰਸ਼ਨ ਕਰਨ ਆਏ ਹਾਂ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਿਸਨੇ ਹਜ਼ਾਰਾਂ ਨੌਜਵਾਨਾਂ ਦਾ ਕਤਲ ਕੀਤਾ, ਹਾਈਕੋਰਟ ਨੇ ਵੀ ਉਸਦੀ ਜ਼ਮਾਨਤ ਰੱਦ ਕਰ ਦਿੱਤੀ, ਜ਼ੈੱਡ ਪਲੱਸ ਸਿਕਿਊਰਿਟੀ ਹੋਣ ਦੇ ਬਾਵਜੂਦ ਵੀ ਉਹ ਅੰਡਰ-ਗਰਾਊਂਡ ਹੋ ਗਿਆ ਹੈ’।

ਜੀ.ਕੇ. ਨੇ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਕਾਂਗਰਸ ਦੇ ਰਾਜ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਸੁਮੇਧ ਸੈਣੀ ਨੇ ਕੀਤਾ। ਅਕਾਲੀ ਸਰਕਾਰ ਨੇ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਦਿੱਤਾ। ਅੱਜ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਸੈਣੀ ਦੀ ਗ੍ਰਿਫਤਾਰੀ ਤੋਂ ਬਚਣ ਵਿੱਚ ਮਦਦ ਕਰ ਰਹੇ ਹਨ। ਇਨ੍ਹਾਂ ਲੀਡਰਾਂ ਨੇ ਹੀ ਸੈਣੀ ਨੂੰ ਕਿਤੇ ਲੁਕਾ ਕੇ ਰੱਖਿਆ ਹੈ।

ਪੂਰੇ ਸਿੱਖ ਜਗਤ ਦੀ, ਇਨਸਾਫ ਪਸੰਦ ਹਿੰਦੁਸਤਾਨੀਆਂ ਦੀ ਆਵਾਜ਼ ਹੈ ਕਿ ਸੈਣੀ ਮੁਲਤਾਨੀ ਕੇਸ ਵਿੱਚ ਉਸਦੇ ਖਿਲਾਫ ਨਿਕਲੇ ਅਰੈਸਟ ਵਾਰੰਟ ਤਹਿਤ ਗ੍ਰਿਫਤਾਰ ਹੋਣਾ ਚਾਹੀਦਾ ਹੈ। ਇਸੇ ਲਈ ਅਸੀਂ ਇੱਥੇ ਸੈਣੀ ਦੀ ਗ੍ਰਿਫਤਾਰੀ ਕਰਨ ਦੀ ਮੰਗ ਕਰਨ ਲਈ ਆਏ ਹਾਂ’।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਲਾਉਣ ਲਈ ਸਿਰਫ਼ ਪੰਜ ਮਿੰਟ ਦਾ ਸਮਾਂ ਦਿੱਤਾ ਸੀ ਜਿਸ ਤੋਂ ਬਾਅਦ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ। ਧਰਨੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਫਲੈਕਸ ਬੋਰਡ ਵੀ ਫੜ੍ਹੇ ਹੋਏ ਸਨ ਅਤੇ ਸੁਮੇਧ ਸੈਣੀ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।