ਬਿਉਰੋ ਰਿਪੋਰਟ – ਅਕਾਲੀ ਦਲ (AKALI DAL) ਦੀ ਮੁੜ ਤੋਂ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਨੂੰ ਗਿੱਦੜਬਾਹਾ ਤੋਂ ਹਲਕਾ ਇੰਚਾਜਰ ਹਰਦੀਪ ਸਿੰਘ ਡਿੰਪੀ ਢਿੱਲੋਂ (HARDEEP SINGH DIMPY DHILLIO) ਨੇ ਖਾਰਜ ਕਰਦੇ ਹੋਏ ਆਪਣੀ ਨਵੀਂ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਵਰਕਰਾਂ ਦੇ ਇਕੱਠ ਨੂੰ ਸੰਬੋਧ ਕਰਦ ਹੋਏ ਡਿੰਪੀ ਢਿੱਲੋਂ ਨੇ ਕਿਹਾ ਸੰਗਤਾਂ ਦੇ ਹੁਕਮ ’ਤੇ ਮੈਂ ਆਮ ਆਦਮੀ ਪਾਰਟੀ ਵਿੱਚ ਜਾਵਾਂਗਾ। ਅਸੀਂ ਮੁੱਖ ਮੰਤਰੀ ਸਾਬ੍ਹ ਦੇ ਸਾਹਮਣੇ ਸਾਰੀਆਂ ਗੱਲਾਂ ਰੱਖਾਂਗੇ ਜੇਕਰ ਸਾਡੀਆਂ ਗੱਲਾਂ ਮੰਨੀਆਂ ਤਾਂ ਅਸੀਂ ਜਾਵਾਂਗੇ।
ਇਸ ਤੋਂ ਸਾਫ ਹੈ ਕਿ ਡਿੰਪੀ ਢਿੱਲੋਂ ਦਾ ਹੁਣ ਆਮ ਆਦਮੀ ਪਾਰਟੀ ਵਿੱਚ ਜਾਣਾ ਤੈਅ ਹੈ। ਗਿੱਦੜਬਾਹਾ ਹਲਕੇ ਵਿੱਚ 2022 ਵਿੱਚ ਜਦੋਂ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਹੁੰਝਾਫੇਰ ਜਿੱਤ ਮਿਲੀ ਸੀ ਤਾਂ ਇਹ ਹੀ ਹਲਕਾ ਅਜਿਹਾ ਸੀ ਜਿੱਥੇ ਪਾਰਟੀ ਤੀਜੇ ਨੰਬਰ ’ਤੇ ਰਹੀ ਸੀ। ਅਕਾਲੀ ਦਲ ਦੀ ਟਿਕਟ ਤੋਂ ਡਿੰਪੀ ਢਿੱਲੋਂ ਤਕਰੀਬਨ 1200 ਵੋਟਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰੇ ਸਨ ਅਜਿਹੇ ਵਿੱਚ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਲਈ ਬਿਹਤਰ ਉਮੀਦਵਾਰ ਹਨ। ਇਸ ਤੋਂ ਪਹਿਲਾਂ ਡਿੰਪੀ ਨੇ ਸੁਖਬੀਰ ਸਿੰਘ ਬਾਦਲ ’ਤੇ ਵੀ ਸਿਆਸੀ ਹਮਲਾ ਕੀਤਾ।
ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਿੰਪੀ ਢਿੱਲੋਂ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਅਸੀਂ 38 ਸਾਲ ਅਕਾਲੀ ਦਲ ਨੂੰ ਦਿੱਤੇ, ਮੈਨੂੰ ਪਿਤਾ ਦੀ ਮੌਤ ਤੋਂ ਬਾਅਦ ਏਨਾ ਰੋਣਾਂ ਨਹੀਂ ਆਇਆ ਜਦੋਂ ਮੈਨੂੰ ਪਾਰਟੀ ਛੱਡਣ ਦਾ ਫੈਸਲਾ ਲੈਣ ਵੇਲੇ ਆਇਆ। 38 ਸਾਲ ਦਾ ਰਿਸ਼ਤਾ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ ਦੀ ਬਲੀ ਚੜ੍ਹਾ ਦਿੱਤਾ। ਦੋਵੇ ਭਰਾਵਾਂ ਦੀ ਘਿਓ-ਖਿਚੜੀ ਵਿੱਚ ਮੈਂ ਮੱਖੀ ਸੀ, ਕੱਢ ਕੇ ਬਾਹਰ ਕਰ ਦਿੱਤਾ। ਮੈਨੂੰ ਕਹਿੰਦੇ ਨੇ ਸਿਆਸਤ ਕਰਨੀ ਹੈ ਤਾਂ ਤਲਵੰਡੀ ਸਾਬੋਂ ਚਲਾ ਜਾ, ਸੀਟ ਖੋਹ ਕੇ ਕਹਿੰਦੇ ਹਨ ਕਿ ਵੇਖ ਲੈ ਸਿਆਸਤ ਕਰਨੀ ਹੈ ਜਾਂ ਨਹੀਂ। ਮੈਂ ਸੁਖਬੀਰ ਸਿੰਘ ਬਾਦਲ ‘ਤੇ ਅੰਨ੍ਹਾ ਭਰੋਸਾ ਕੀਤਾ ਸੀ।
ਮੈਨੂੰ ਆਪਸੀ ਲਈ ਰਾਤ ਨੂੰ ਕਾਫੀ ਫੋਨ ਆਏ ਪਰ ਕੁਝ ਸਿਆਣਿਆ ਨੇ ਕਿਹਾ ਹੁਣ ਵਾਪਸ ਨਾ ਜਾਈ। ਮੈਂ ਪਹਿਲਾਂ ਤੀਰਥ ਯਾਤਰਾ ’ਤੇ ਜਾਂਦਾ ਸੀ,ਹੁਣ ਸਿਆਸਤ ਤੋਂ ਸੰਨਿਆਸ ਲੈ ਕੇ ਇਹ ਹੀ ਕਰਨ ਦੀ ਸੋਚਿਆ ਸੀ ਪਰ ਵਰਕਰਾਂ ਦੇ ਪਿਆਰ ਅੱਗੇ ਮੈਂ ਸਿਰ ਝੁਕਾਇਆ ਅਤੇ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਵਰਕਰਾਂ ਦੀ ਮੰਗਾਂ ਰੱਖਾਂਗੇ ਅਤੇ ਜੇਕਰ ਉਹ ਮਨਜ਼ੂਰ ਹੁੰਦੀਆਂ ਹਨ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਵਾਰ ਮੁੜ ਤੋਂ ਆਵਾਂਗਾ ਅਤੇ ਫੈਸਲਾ ਸੁਣਾਵਾਂਗਾ।