Punjab

ਕਾਂਗਰਸ ਵਿੱਚ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਵਿੱਚ ਕਾਂਗਰਸ ਦਾ ਕਮਾਂਡਰ ਬਦਲਣ ਤੋਂ ਪਹਿਲਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਰਕਾਰ ਲੀਹ ‘ਤੇ ਆ ਜਾਵੇਗੀ।ਪਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਉੱਥਲ-ਪੁੱਥਲ ਨੇ ਨਵੇਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਪਾਰਟੀ ਅੰਦਰ ਕੁੱਝ ਹੋਰ ਹੀ ਚੱਲ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਕਈ ਮੀਟਿੰਗਾਂ ਵਿੱਚ ਜਿਸ ਲਹਿਜੇ ਨਾਲ ਦੋਵੇਂ ਨੇਤਾ ਮਿਲੇ ਹਨ, ਉਸ ਤੋਂ ਬਾਅਦ ਜਿਆਦਾ ਕੁਝ ਕਹਿਣ ਦੀ ਲੋੜ ਨਹੀ ਰਹਿ ਜਾਂਦੀ।ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਬੀਤੇ ਕੱਲ੍ਹ ਕਪਤਾਨ ਦੇ ਹੱਕ ਵਿੱਚ ਦਿੱਤਾ ਬਿਆਨ ਦੋਵਾਂ ਧਿਰਾ ਅੰਦਰ ਪਈ ਲਕੀਰ ਨੂੰ ਹੋਰ ਗੂੜ੍ਹੀ ਕਰ ਗਿਆ ਹੈ।

ਕੈਪਟਨ ਦਾ ਸਿੱਧੂ ਨੂੰ ਇਹ ਕਹਿਣਾ ਹੈ ਕਿ ” ਕਾਕਾ ਫਿਕਰ ਨਾ ਕਰ ਜਿਹੜੇ ਮੁੱਦੇ ਤੂੰ ਲੈ ਕੇ ਆਇਆ ਹੈਂ, ਇਹਨਾਂ ‘ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ।”
ਇਹ ਵੀ ਖਬਰ ਮਿਲੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਿੱਲੀ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਦਿਲ ਦਾ ਗੁਬਾਰ ਕੱਢਿਆ ਹੈ। ਉਹ ਮੁੱਖ ਮੰਤਰੀ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ।

ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਕਾਂਗਰਸ ਦਾ ਪ੍ਰਧਾਨ ਲਾਏ ਜਾਣ ਵੇਲੇ ਇੱਕ ਭਾਈਚਾਰੇ ਨੂੰ ਨਜਰਅੰਦਾਜ ਕਰਨ ‘ਤੇ ਵੀ ਰੋਸ ਪ੍ਰਗਟ ਕੀਤਾ ਹੈ। ਪੰਜਾਬ ਮੰਤਰੀ ਮੰਡਲ ਵਿੱਚ ਹੋ ਰਹੇ ਫੇਰ ਬਦਲ ਵਿੱਚ ਉਨ੍ਹਾਂ ਨੇ ਮੰਤਰੀ ਦੀ ਕੁਰਸੀ ਲੈਣ ਲਈ ਵੀ ਆਪਣਾ ਦਾਅਵਾ ਠੋਕਿਆ ਹੈ।ਪਤਾ ਲੱਗਾ ਹੈ ਕਿ ਨਵੇਂ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਆਪਣੇ ਵਿਰੋਧੀਆਂ ਨੂੰ ਖੂੰਝੇ ਲਾਉਣ ਜਾ ਬਾਹਰ ਦਾ ਰਸਤਾ ਦਿਖਾਉਣ ਦੀ ਰਣਨੀਤੀ ਤਿਆਰ ਕਰ ਰਹੇ ਹਨ। ਉਂਝ ਇਕ ਵਿਸ਼ੇਸ਼ ਭਾਈਚਾਰੇ ਨੂੰ ਡਿਪਟੀ ਮੁੱਖ ਮੰਤਰੀ ਲਾਏ ਜਾਣ ਬਾਰੇ ਵੀ ਚਰਚਾ ਜੋਂਰਾ ‘ਤੇ ਹੈ।