ਜਗਰਾਉਂ : ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਸਿਖਰਾਂ ‘ਤੇ ਹੈ। ਖਰੀਦ ਸੀਜ਼ਨ ਸ਼ੁਰੂ ਹੋਣ ਦੇ ਮਹਿਜ਼ ਚਾਰ ਹਫ਼ਤਿਆਂ ਅੰਦਰ ਮੰਡੀਆਂ ਵਿੱਚ ਹੁਣ ਤੱਕ 105 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਤਕਰੀਬਨ 104 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।
ਇਸੇ ਦੌਰਾਨ ਅਨਾਜ ਮੰਡੀ ਜਗਰਾਉਂ ਵਿੱਚ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਕੀਤੇ ਜਾ ਰਹੇ ਵਾਅਦਿਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆਈ। ਅਨਾਜ ਮੰਡੀ ਜਗਰਾਉਂ ਵਿੱਚ ਜਦੋਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਤੋਂ ਦੁਖੀ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਪੰਜ ਦਿਨਾਂ ਤੋਂ ਇਸ ਕਿਸਾਨ ਦੇ ਝੋਨੇ ਦੀ ਸਰਕਾਰੀ ਬੋਲੀ ਨਹੀਂ ਲੱਗੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ।
ਛੇਵੇਂ ਦਿਨ ਅੱਕੇ ਕਿਸਾਨ ਦਾ ਸਬਰ ਉਦੋਂ ਜਵਾਬ ਦੇ ਗਿਆ, ਜਦੋਂ ਇਕ ਵਪਾਰੀ ਨੇ ਉਸ ਨੂੰ ਝੋਨੇ ਦੇ ਮਿੱਥੇ ਸਰਕਾਰੀ ਭਾਅ ਤੋਂ 300 ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ ਝੋਨਾ ਵੇਚਣ ਲਈ ਕਿਹਾ। ਇਸ ਤੋਂ ਦੁਖੀ ਹੋਏ ਪਿੰਡ ਲੋਪੋਂ ਦੇ ਕਿਸਾਨ ਪਰਗਟ ਸਿੰਘ ਨੇ ਨਵੀਂ ਦਾਣਾ ਮੰਡੀ ਦੇ ਨਾਲ ਲੰਘਦੀ ਰੇਲਵੇ ਲਾਈਨ ’ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਥੀ ਕਿਸਾਨਾਂ ਨੇ ਉਸ ਨੂੰ ਸਮਝਾ ਕੇ ਇਸ ਘਟਨਾ ਨੂੰ ਵਾਪਰਨ ਤੋਂ ਰੋਕ ਲਿਆ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਹਰ ਸਾਲ 30 ਨਵੰਬਰ ਨੂੰ ਸਰਕਾਰੀ ਖਰੀਦ ਬੰਦ ਕਰਦੀ ਹੈ ਪਰ ਐਤਕੀ 17 ਨਵੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਬੰਦ ਕਰ ਦਿੱਤੀ ਹੈ। ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਉਹ 17 ਨਵੰਬਰ ਨੂੰ ਹੀ ਮੰਡੀ ਵਿੱਚ ਝੋਨੇ ਦੀ ਪਹਿਲੀ ਟਰਾਲੀ ਲੈ ਕੇ ਆਇਆ ਸੀ। ਸਬੰਧਤ ਆੜ੍ਹਤੀ ਦੇ ਮੁਨੀਮ ਅਸ਼ੋਕ ਕੁਮਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।