ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਵਿੱਚ ਸਾਰੇ ਮੈਂਬਰਾਂ ਦੀ ਪ੍ਰਵਾਨਗੀ ਤੋਂ ਬਾਅਦ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਹਟਾ ਦਿਤਾ ਹੈ। ਉਨ੍ਹਾਂ ਦੀ ਥਾਂ ’ਤੇ ਹੁਣ ਪਾਰਟੀ ਦੇ ਬਾਦਲਾਂ ਦੇ ਵਫ਼ਾਦਾਰ ਤੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਨਵੀਂ ਅਨੁਸ਼ਾਸਨੀ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ। ਦੱਸ ਦੇਈਏ ਭੂੰਦੜ ਦੀ ਅਗਵਾਈ ’ਚ ਨਵੀਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਬਾਹਰ ਰੱਖਿਆ ਗਿਆ ਹੈ।
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਨਵੀਂ ਅਨੁਸ਼ਾਸਨੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਬਲਵਿੰਦਰ ਸਿੰਘ ਭੂੰਦੜ ਦੇ ਨਾਲ ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮੈਂਬਰ ਬਣਾਇਆ ਗਿਆ ਹੈ।
SAD President S Sukhbir S Badal has constituted three members disciplinary committee of the party. It will be headed by senior party leader S Balwinder S Bhundar. The other two members are : S Gulzar Singh Ranike & S Mahesh Inder S Grewal.
— Dr Daljit S Cheema (@drcheemasad) June 14, 2024
ਇਸ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਹਲਕੇ ਦੇ ਇੰਚਾਰਜ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਹੁਣ ਪਾਰਟੀ ਦੀ ਵੱਡੀ ਹਾਰ ਬਾਅਦ ਮਲੂਕਾ ਵਿਰੁੱਧ ਅਗਲਾ ਕਦਮ ਚੁਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਨਵੀਂ ਗਠਿਤ ਅਨੁਸ਼ਾਸਨੀ ਕਮੇਟੀ ਨੂੰ ਚੋਣਾਂ ਸਮੇਂ ਪਾਰਟੀ ਦਾ ਸਾਥ ਨਾ ਦੇਣ ਵਾਲੇ ਆਗੂਆਂ ਦੀਆਂ ਸ਼ਿਕਾਇਤਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਹੀ ਸਭ ਤੋਂ ਉੱਪਰ ਨਾਂ ਹੈ। ਇਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਦਰਅਸਲ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਬੀਜੇਪੀ ਵਿੱਚ ਜਾਣ ਤੇ ਹਰਸਿਮਰਤ ਕੌਰ ਖ਼ਿਲਾਫ਼ ਬਠਿੰਡਾ ਤੋਂ ਚੋਣ ਲੜਨ ਦੌਰਾਨ ਮਲੂਕਾ ਪਹਿਲਾਂ ਘਰ ਸ਼ਾਤ ਬੈਠੇ ਹੋਏ ਸੀ ਤੇ ਉਨ੍ਹਾਂ ਅਕਾਲੀ ਦਲ ਦੇ ਕਿਸੇ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਨਹੀਂ ਲਿਆ। ਇਸ ਤੋਂ ਬਾਅਦ ਜਦ ਚੋਣਾਂ ਦੇ ਦਿਨ ਨੇੜੇ ਆਏ ਤਾਂ ਉਹ ਬੀਜੇਪੀ ਤੇ ਪੀਐਮ ਮੋਦੀ ਦੀਆਂ ਤਾਰੀਫ਼ਾਂ ਕਰਨ ਲੱਗੇ ਸਨ।