‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਚਾਰ ਪੂਰੇ ਹੋਣ ਤੇ ਕੀਤੀ ਪ੍ਰੈੱਸ ਕਾਨਫਰੰਸ ਤੇ ਗਿਣਾਏ ਕੰਮਾਂ ‘ਤੇ ਸਖਤ ਪ੍ਰਤਿਕਿਰਿਆ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਭਾਰ ਘਟ ਹੋ ਗਿਆ ਹੈ ਤੇ ਸਿਹਤ ਵੀ ਠੀਕ ਹੋ ਗਈ ਹੈ।
ਦਲਜੀਤ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਫਾਰਮ ਹਾਊਸ ‘ਤੇ ਬਹੁਤ ਜਗ੍ਹਾ ਸੀ, ਇਸ ਲਈ ਸਿਹਤ ਉਨ੍ਹਾਂ ਦੀ ਸਿਹਤ ਠੀਕ ਹੋਈ ਹੈ। ਨਾ ਤੇ ਮੁੱਖ ਮੰਤਰੀ ਨੂੰ ਚਾਰ ਸਾਲ ‘ਚ ਕੋਈ ਕੰਮ ਕਰਨਾ ਪਿਆ ਨਾ ਦਫਤਰ ਜਾਣਾ ਪਿਆ, ਇਸ ਲਈ ਸਿਹਤ ਵਿੱਚ ਸੁਧਾਰ ਹੋਇਆ ਹੈ। ਪਰ ਸੂਬੇ ਦੀ ਹਾਲਤ ਖਰਾਬ ਹੋਣ ਦਾ ਵੀ ਕੈਪਟਨ ਨੂੰ ਜ਼ਿਕਰ ਜਰੂਰ ਕਰਨਾ ਚਾਹੀਦਾ ਸੀ। ਕੈਪਟਨ ਸਰਕਾਰ ਨੇ 1 ਲੱਖ 38 ਹਜਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ ਤੇ 2 ਲੱਖ 73 ਹਜਾਰ ਕਰੋੜ ਦਾ ਪੰਜਾਬ ਸਿਰ ਕਰਜ਼ਾ ਹੈ। ਇਹ ਗੱਲ ਬਜਟ ਵਿੱਚ ਨਹੀਂ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ 1984 ਤੋਂ ਲੈ ਕੇ 2017 ਤੱਕ ਪੰਜਾਬ ਦਾ ਕਰਜ਼ਾ 1 ਲੱਖ 72 ਹਜ਼ਾਰ ਕਰੋੜ ਹੋ ਗਿਆ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਸੀ ਕਿ ਚਾਰ ਸਾਲਾਂ ਵਿੱਚ ਇਹ 1 ਕਰੋੜ ਦਾ ਵਾਧਾ ਕਿਵੇਂ ਹੋ ਗਿਆ।
ਚੀਮਾ ਨੇ ਕਿਹਾ ਅਸੀਂ ਸਰਕਾਰ ਤੋਂ ਹਰ ਸਕੈਂਡਲ ਦੀ ਜਾਂਚ ਦੀ ਉਮੀਦ ਰੱਖੀ ਸੀ ਪਰ ਸਰਕਾਰ ਨੇ ਕਿਸੇ ਵੀ ਸਕੈਂਡਲ ‘ਤੇ ਹੋਈ ਜਾਂਚ ਦਾ ਖੁਲਾਸਾ ਨਹੀਂ ਕੀਤਾ ਗਿਆ। ਚੀਮਾ ਨੇ ਦੋਸ਼ ਲਾਇਆ ਕਿ ਵੈਸੇ ਵੀ ਮੁੱਖ ਮੰਤਰੀ ਹਰੇਕ ਮਾਮਲੇ ਵਿੱਚ ਕਲੀਨ ਚਿਟ ਦੇ ਦਿੰਦੇ ਹਨ। ਚੀਮਾ ਨੇ ਕਿਹਾ ਕਿ 56 ਕਰੋੜ ਦਾ ਰੈਵਨੀਊ ਲਾਸ ਦਾ ਮਾਮਲਾ ਸੀ, ਉਸਦੀ ਜਾਂਚ ਵੀ ਨਹੀਂ ਹੋਈ। ਇਸ ਤੋਂ ਇਲਾਵਾ 44 ਸੌ ਕਰੋੜ ਰੁਪਏ ਦਾ ਬਿਜਲੀ ਬੋਰਡ ਦਾ ਘਾਟਾ ਪਾਉਣ ਵਾਲੇ ਅਫਸਰਾਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇੱਥੋਂ ਤੱਕ ਕਿ ਐਸਐਸੀ-ਬੀਸੀ ਦੇ 64 ਕਰੋੜ ਦੇ ਘਪਲੇ ਦੀ ਗੱਲ ਵੀ ਕੈਪਟਨ ਸਾਹਿਬ ਨੇ ਸਪਸ਼ਟ ਨਹੀਂ ਕੀਤੀ। ਚੀਮਾ ਨੇ ਕਿਹਾ ਕਿ ਜ਼ਹਰੀਲੀ ਸ਼ਰਾਬ ਕਾਰਨ ਮਾਝੇ ਦੇ ਤਿੰਨ ਜਿਲ੍ਹਿਆਂ ਵਿਚ ਮੌਤਾਂ ਬਾਰੇ ਵੀ ਮੁੱਖ ਮੰਤਰੀ ਨੇ ਕੋਈ ਜ਼ਿਕਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਐੱਫਸੀਆਈ ਨੇ ਖਰੀਦ ਨੂੰ ਲੈ ਕੇ ਕਾਨੂੰਨ ਹੋਰ ਸਖਤ ਕਰ ਦਿੱਤੇ ਹਨ। ਇਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਖਰੀਦ ਨੂੰ ਲੈ ਕੇ ਬੇਈਮਾਨੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾ ਦੀ ਇਹ ਹਾਲਤ ਹੈ ਕਿ ਕੋਈ ਵੀ ਵੀਆਈਪੀ ਇਨ੍ਹਾਂ ਵਿੱਚ ਦਾਖਿਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ 5 ਫੀਸਦੀ ਚੋਣ ਮੈਨੀਫੈਸਟੋ ਵੀ ਲਾਗੂ ਨਹੀਂ ਕਰ ਸਕੀ ਹੈ। ਨਸ਼ਿਆਂ ‘ਤੇ ਖਾਧੀ ਸੰਹੁ ਬਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖਮੰਤਰੀ ਨੂੰ ਨੈਤਿਕ ਜਿੰਮੇਦਾਰੀ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।