Punjab

ਅਕਾਲੀਆਂ ਨੇ ‘ਕਿਸਾਨ ਵਿਰੋਧੀ ਸੈਂਟਰ ਦੀ ਸਰਕਾਰ’ ਕਹਿਕੇ 24 ਸਾਲ ਪੁਰਾਣਾ ਗਠਜੋੜ ਤੋੜਿਆ

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 26 ਸਤੰਬਰ ਦੀ ਰਾਤ ਨੂੰ 10 ਵਜੇ NDA ਨਾਲੋਂ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ “ਮੈਂ ਅਤੇ ਮੇਰੀ ਪਾਰਟੀ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਸੀ ਪਰ NDA ਦੀ ਸਰਕਾਰ ਨੇ ਕਿਸਾਨਾਂ ਦੀ ਜਥੇਬੰਦੀ ਨੂੰ ਇਸ ਬਾਰੇ ਪੁੱਛਿਆ ਤੱਕ ਨਹੀਂ।

ਅਸੀਂ ਦੋ ਮਹੀਨਿਆਂ ਤੋਂ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਰਕਾਰ ਨੇ ਧੱਕੇ ਨਾਲ ਇਹ ਬਿੱਲ ਲਿਆਂਦੇ ਹਨ ਅਤੇ ਧੱਕੇ ਨਾਲ ਹੀ ਪਾਸ ਕਰਵਾ ਦਿੱਤੇ।

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਸ ਬਿੱਲ ਦੇ ਨਾਲ ਸਿੱਧੇ ਤੌਰ ‘ਤੇ ਪੂਰੇ ਦੇਸ਼ ਵਿੱਚ ਕਰੀਬ 20 ਲੱਖ ਕਿਸਾਨ ਪ੍ਰਭਾਵਿਤ ਹੋਣਗੇ, 15 ਤੋਂ 20 ਲੱਖ ਖੇਤ ਮਜ਼ਦੂਰ ਪ੍ਰਭਾਵਿਤ ਹੋਣਗੇ ਅਤੇ ਹਜ਼ਾਰਾਂ ਆੜ੍ਹਤੀ ਭਾਈਚਾਰੇ ‘ਤੇ ਇਸ ਬਿੱਲ ਦਾ ਸਿੱਧਾ ਪ੍ਰਭਾਵ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੇ ਇਹ ਬਿੱਲ ਖੇਤੀ ਉੱਤੇ ਸਿੱਧਾ ਹਮਲਾ ਕਰ ਰਹੇ ਹਨ। ਜਦੋਂ ਸਰਕਾਰ ਨੇ ਸਾਡੀ ਨਹੀਂ ਮੰਨੀ ਤਾਂ ਪਹਿਲਾਂ ਸਾਡੀ ਪਾਰਟੀ ਨੇ ਵਜ਼ੀਰੀ ਛੱਡੀ ਅਤੇ ਹੁਣ ਅਸੀਂ ਆਪਣੇ ਵਰਕਰਾਂ ਦੇ ਨਾਲ ਸਲਾਹ ਕਰਕੇ ਭਾਜਪਾ ਦਾ ਸਾਥ ਵੀ ਛੱਡ ਰਹੇ ਹਾਂ”।

ਗਠਜੋੜ ਤੋੜਨ ਮੌਕੇ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇਣ ਵਾਲੀ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਕਿ “ਜੇ ਤਿੰਨ ਕਰੋੜ ਪੰਜਾਬੀਆਂ ਦੇ ਰੋਸ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਦੁੱਖ ਵੀ ਸੈਂਟਰ ਦੀ ਸਰਕਾਰ ਨੂੰ ਨਰਮ ਨਹੀਂ ਕਰ ਰਿਹਾ ਤਾਂ NDA ਦੇ ਨਾਲ ਗਠਜੋੜ ਦੇ ਵਿੱਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੈ। ਵਾਜਪਾਈ ਜੀ ਅਤੇ ਬਾਦਲ ਸਾਹਿਬ ਨੇ ਜਿਹੜਾ ਗਠਜੋੜ ਬਣਾਇਆ ਸੀ, ਉਹ ਅਸੀਂ ਹੁਣ ਤੋੜਨ ਜਾ ਰਹੇ ਹਾਂ। ਜਦੋਂ ਸਰਕਾਰ ਅੰਨੀ, ਬੋਲੀ ਅਤੇ ਗੂੰਗੀ ਹੋ ਗਈ ਹੈ ਤਾਂ ਫਿਰ ਅਸੀਂ ਉਸ ਸਰਕਾਰ ਦਾ ਹਿੱਸਾ ਨਹੀਂ ਰਹਿ ਸਕਦੇ”।

ਗਠਜੋੜ ਤੋੜਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਅਸੀਂ ਗਠਜੋੜ ਤੋੜ ਰਹੇ ਹਾਂ ਅਤੇ ਇਹ ਫੈਸਲਾ ਕੋਰ ਕਮੇਟੀ ਨੇ ਲਿਆ ਹੈ।

ਅਕਾਲੀ ਦਲ ਭਾਵੇਂ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜਦਿਆਂ ਅਸਤੀਫਾ ਵੀ ਦੇ ਚੁੱਕਾ ਹੈ ਅਤੇ ਗਠਜੋੜ ਵੀ ਤੋੜ ਚੁੱਕਾ ਹੈ ਪਰ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੂੰ ਇਹ ਰਾਸ ਨਹੀਂ ਆ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਨੂੰ ਤੋੜਨ ‘ਤੇ ਕਿਹਾ ਹੈ ਕਿ “ਇਹ ਸਿਰਫ ਸਿਆਸੀ ਕਾਰਨਾਂ ਕਰਕੇ ਲਿਆ ਗਿਆ ਫੈਸਲ ਹੈ ਨਾ ਕਿ ਕਿਸਾਨਾਂ ਦੇ ਹੱਕ ਵਿੱਚ ਲਿਆ ਹੋਇਆ ਫੈਸਲਾ ਹੈ”। ਕੈਪਟਨ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਵੀ ਡਰਾਮਾ ਦੱਸਿਆ ਸੀ।

ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਲਗਾਤਾਰ ਕਹਿ ਰਹੇ ਸੀ ਕਿ ਜੇ ਤੁਸੀਂ ਕਿਸਾਨਾਂ ਦੇ ਇੰਨੇ ਹਮਾਇਤੀ ਹੋ ਤਾਂ NDA ਦੇ ਨਾਲੋਂ ਗਠਜੋੜ ਤੋੜ ਦਿਉ। ਜੇ ਹੁਣ ਅਕਾਲੀ ਦਲ ਵੱਲੋਂ ਇਹ ਗਠਜੋੜ ਤੋੜ ਦਿੱਤਾ ਗਿਆ ਹੈ ਤਾਂ ਵਿਰੋਧੀ ਪਾਰਟੀਆਂ ਇਸਨੂੰ ਡਰਾਮਾ ਦੱਸ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਨਾਲ 1996 ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਬਣੀ ਆ ਰਹੀ ਸਿਆਸੀ ਸਾਂਝ ਖ਼ਤਮ ਹੋ ਗਈ ਹੈ। ਸੁਖਬੀਰ ਬਾਦਲ ਨੇ ਗਠਜੋੜ ਤੋੜਨ ਦਾ ਐਲਾਨ ਕਰਨ ਸਮੇਂ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਨਾ ਬਣਾਏ ਜਾਣ ਦਾ ਵੀ ਰੋਸ ਪ੍ਰਗਟ ਕੀਤਾ। ਸਿਆਸੀ ਮਾਹਿਰਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਦੇਰੀ ਨਾਲ ਚੁੱਕੇ ਗਏ ਇਸ ਕਦਮ ਨੂੰ ਚੰਗਾ ਦੱਸਿਆ ਹੈ।