The Khalas Tv Blog Punjab ਅਕਾਲੀ ਦਲ ਨੇ ਕਿਸਾਨਾਂ ਨੂੰ ਆਪਣੇ ਕਿਹੜੇ ਐਲਾਨ ਨੂੰ ਮੁੜ ਸੋਚਣ ਦੀ ਦਿੱਤੀ ਸਲਾਹ
Punjab

ਅਕਾਲੀ ਦਲ ਨੇ ਕਿਸਾਨਾਂ ਨੂੰ ਆਪਣੇ ਕਿਹੜੇ ਐਲਾਨ ਨੂੰ ਮੁੜ ਸੋਚਣ ਦੀ ਦਿੱਤੀ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਸਾਨ ਲੀਡਰਾਂ ਵੱਲੋਂ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਐਲਾਨ ਤੋਂ ਬਾਅਦ ਕਿਹਾ ਕਿ ‘ਕਿਸਾਨ ਯੂਨੀਅਨਾਂ ਨੂੰ ਆਪਣੀ ਅਜਿਹੀ ਕਾਲ ‘ਤੇ ਦੁਬਾਰਾ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਉਨ੍ਹਾਂ ਦੇ ਹੱਕਾਂ ਵਾਸਤੇ ਵੱਧ ਤੋਂ ਵੱਧ ਸਮਰਥਨ ਕੀਤਾ ਹੈ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਕਿਸਾਨਾਂ ਵੱਲੋਂ ਦਿੱਤੇ ਗਏ ਸਾਰੇ ਪ੍ਰੋਗਰਾਮਾਂ ਦਾ ਸਿਆਸੀ ਪਾਰਟੀਆਂ ਨੇ ਸਾਥ ਦਿੱਤਾ ਹੈ। ਚੀਮਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਿਸਾਨੀ ਅੰਦੋਲਨ ਵੀ ਮੁੱਖ ਮੁੱਦਾ ਬਣੇਗਾ। ਅਸੀਂ ਇਸ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਇਹੋ ਜਿਹਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਰਿਸ਼ਤਿਆਂ ਵਿੱਚ ਖੱਟਾਸ ਆਵੇ’।

ਦਰਅਸਲ, ਕਿਸਾਨ ਲੀਡਰਾਂ ਵੱਲੋਂ ਸਾਰੇ ਸਿਆਸੀ ਲੀਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਲੀਡਰਾਂ ਨੇ ਸਾਰੇ ਲੋਕਾਂ ਨੂੰ ਕਿਹਾ ਹੈ ਕਿ ਪਿੰਡਾਂ ਵਿੱਚ ਸਿਆਸੀ ਲੀਡਰਾਂ ਨੂੰ ਨਾ ਵੜਨ ਦਿੱਤਾ ਜਾਵੇ। ਕਿਸਾਨ ਲੀਡਰ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸਿਆਸੀ ਲੀਡਰਾਂ ਦੇ ਬਾਈਕਾਟ ਦਾ ਫੈਸਲਾ ਸਾਂਝਾ ਹੈ। ਦਰਅਸਲ, ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਕੀਤਾ ਜਾਵੇ।

Exit mobile version