Punjab Religion

ਬਰਨਾਲਾ ਰੋਡ ਸ਼ੋਅ ’ਚ ਬੋਲੇ CM ਮਾਨ- ‘ਬੇਅਦਬੀ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਵਾਂਗੇ!’ ‘ਸਮਾਂ ਲੱਗ ਸਕਦਾ ਹੈ, ਵਿਸ਼ਵਾਸ ਰੱਖੋ’

ਬਿਉਰੋ ਰਿਪੋਰਟ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਇਕੱਲਿਆਂ ਹੀ ਮੋਰਚਾ ਸੰਭਾਲ ਰਹੇ ਹਨ। ਅੱਜ ਉਨ੍ਹਾਂ ਬਰਨਾਲਾ ਵਿੱਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣਗੇ। ਇਸ ਦੇ ਲਈ ਉਨ੍ਹਾਂ ਵੱਲੋਂ ਯਤਨ ਜਾਰੀ ਹਨ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਪਰ ਉਹ ਕਾਰਵਾਈ ਕਰਨਗੇ। ਇਸ ਸਬੰਧੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਉਨ੍ਹਾਂ ’ਤੇ ਵਿਸ਼ਵਾਸ ਰੱਖਣ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ।

ਬਰਨਾਲਾ ’ਚ ਮਜ਼ਬੂਤ ਹੋਈ ‘ਆਪ’

ਦੱਸ ਦੇਈਏ ਬਰਨਾਲਾ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਭਾਜਪਾ ਦੇ ਉਮੀਦਵਾਰ ਧੀਰਜ ਕੁਮਾਰ ਦਦਾਹੂਰ ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ-ਨਾਲ ਭਾਜਪਾ ਨਾਲ਼ ਸਬੰਧ ਰੱਖਦੇ ਮੌਜੂਦਾ ਕੌਂਸਲਰ ਨੀਰਜ, ਸਾਬਕਾ ਸੀਨੀਅਰ ਅਕਾਲੀ ਆਗੂ ਗੁਰਨਾਮ ਸਿੰਘ ਵਾਹਿਗੁਰੂ, ਵਾਲਮੀਕਿ ਸਮਾਜ ਦੇ ਕੌਮੀ ਪ੍ਰਧਾਨ ਤੇ ਸਾਬਕਾ ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਅਤੇ ਸਾਬਕਾ ਕੌਂਸਲਰ ਸਰੋਜ ਰਾਣੀ ਨੇ ਵੀ ‘ਆਪ’ ਦਾ ਪੱਲਾ ਫੜ ਲਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਸਨਮਾਨ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਸੀਐਮ ਮਾਨ ਦੇ ਨਾਲ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ।