Punjab

ਕੋਟਕਪੂਰਾ ਗੋ ਲੀ ਕਾਂਡ ਦੇ ਮੌਕੇ ਦੇ ਗਵਾਹਾਂ ਨੇ ਸਿਆਸੀ ਨੇਤਾਵਾਂ ਨੂੰ ਤਾੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਨਾਲ ਸਬੰਧਿਤ ਚਸ਼ਮਦੀਦ ਗਵਾਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਓਟ ਵਿੱਚ ਸਿਆਸੀ ਰੋਟੀਆਂ ਸੇਕਣ ਵਾਲੇ ਨੇਤਾਵਾਂ ਨੂੰ ਪਿੰਡਾਂ ਦੀਆਂ ਜੂਹਾਂ ਵਿੱਚ ਪੈਰ ਧਰਨ ਤੋਂ ਵਰਜਿਆ ਹੈ। ਸਿਆਸੀ ਨੇਤਾ ਵੋਟਾਂ ਮੰਗਣ ਲਈ ਇਸ ਵਾਰ ਪਿੰਡਾਂ ਵਿੱਚ ਸੋਚ-ਸਮਝ ਕੇ ਵੜ੍ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਨਾਲ 1978 ਤੋਂ ਲੈ ਕੇ ਲਗਾਤਾਰ ਧੱਕਾ ਹੁੰਦਾ ਆ ਰਿਹਾ ਹੈ ਅਤੇ ਇਸਨੂੰ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਗੋਲੀਕਾਂਡ ਅਤੇ ਬੇਅਦਬੀ ਮਾਮਲੇ ਦੇ ਤਿੰਨ ਪ੍ਰਤੱਖਦਰਸ਼ੀ ਗਵਾਹਾਂ ਨੇ ਅੱਜ ਸੱਦੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਘਟਨਾਵਾਂ ਨਾਲ ਸਬੰਧਿਤ ਲੂ-ਕੰਡੇ ਖੜ੍ਹੇ ਕਰਨ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸਰਕਾਰ ਉੱਤੇ ਵੀ ਨਿਰਪੱਖ ਭੂਮਿਕਾ ਨਾ ਨਿਭਾਉਣ ਦੇ ਦੋਸ਼ ਲਾਏ ਹਨ।

ਮਹਿੰਦਰਪਾਲ ਸਿੰਘ ਬਿੱਟੂ, ਜਿਹੜਾ ਕਿ ਨਾਭਾ ਜੇਲ੍ਹ ਵਿੱਚ ਮਾਰਿਆ ਗਿਆ ਸੀ, ਦੇ ਹਵਾਲੇ ਦੇ ਨਾਲ ਉਨ੍ਹਾਂ ਨੇ ਕਿਹਾ  ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਸਰੂਪ ਦੇ ਅੰਗ ਫਟੇ ਹੋਏ ਸਨ, ਉਹ ਉਸਨੇ ਆਪਣੇ ਭਰਾ ਸੁਰਿੰਦਰਪਾਲ ਦੇ ਹਵਾਲੇ ਕੀਤੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੁਰਿਦੰਰਪਾਲ ਨੂੰ ਸਾਢੇ ਚਾਰ ਸਾਲਾਂ ਦੌਰਾਨ ਜਾਣ-ਬੁੱਝ ਕੇ ਦੂਰ ਰੱਖਿਆ ਅਤੇ ਰਿਕਾਰਡ ਵਿੱਚ ਉਨ੍ਹਾਂ ਦੇ ਕੋਈ ਬਿਆਨ ਦਰਜ ਕੀਤੇ ਗਏ ਹਨ ਅਤੇ ਨਾ ਹੀ ਉਸਦੇ ਪਰਿਵਾਰ ਤੋਂ ਕੋਈ ਜਾਣਕਾਰੀ ਲਈ ਗਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਨਵੀਂ ਸਿੱਟ ਨੇ ਤਾਂ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਵਿੱਚੋਂ ਹੀ ਫਾਰਗ ਕਰ ਦਿੱਤਾ ਹੈ।

ਉਨ੍ਹਾਂ ਨੇ ਸਿਆਸੀ ਲੀਡਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਹੁਣ ਉਹ ਇਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਪਿੰਡਾਂ ਵਿੱਚ ਵੋਟਾਂ ਮੰਗਣ ਲਈ ਆਏ ਤਾਂ ਸਾਡੇ ਪਰਿਵਾਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਲਈ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿੱਚ ਬੇਅਦਬੀ ਮੁੱਦੇ ਨੂੰ ਆਪਣਾ ਵਿਸ਼ਾ ਨਾ ਬਣਾਉਣ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਸਾਢੇ ਚਾਰ ਸਾਲ ਤਾਂ ਘਰ ਬੈਠੇ ਰਹੇ ਪਰ ਹੁਣ ਉਨ੍ਹਾਂ ਦੇ ਇਸ ਮੁੱਦੇ ‘ਤੇ ਟਵੀਟ ਬਹੁਤ ਚੱਲ ਰਹੇ ਹਨ। ਟਵੀਟਾਂ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਮਿਲਦੀ ਹੈ ਅਤੇ ਉਨ੍ਹੀਂ ਦੀ ਪ੍ਰਧਾਨਗੀ ਦੇ ਤਾਜਪੋਸ਼ੀ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਹਨ ਕਿ ਪੰਜਾਬ ਦੀ ਸਿਆਸਤ ਦਾ ਰਸਤਾ ਬਰਗਾੜੀ ਤੋਂ ਸ਼ੁਰੂ ਹੁੰਦਾ ਹੈ। ਤਿੰਨ ਐੱਸਆਈਟੀ ਬਣ ਗਈਆਂ ਪਰ ਸਰਕਾਰ ਦੇ ਵਕੀਲ ਅਦਾਲਤਾਂ ਵਿੱਚ ਪੱਖ ਸਹੀ ਤਰ੍ਹਾਂ ਨਾਲ ਨਹੀਂ ਰੱਖਦੇ।  

ਸਿੱਟ ਨੇ ਜੋ ਜਾਂਚ ਕੀਤੀ ਸੀ, ਉਸ ਵਿੱਚ ਰਾਜਨੀਤਿਕ ਲੋਕਾਂ ਦੇ ਕਹਿਣ ‘ਤੇ ਜਿੰਨੇ ਵੀ ਦੋਸ਼ੀ ਪੁਲਿਸ ਅਧਿਕਾਰੀ ਸਨ, ਉਨ੍ਹਾਂ ਨੂੰ ਮਾਮਲੇ ਵਿੱਚੋਂ ਕੱਢਿਆ ਗਿਆ। ਉਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਪੰਜਾਬ ਪੁਲਿਸ ਉਨ੍ਹਾਂ ਦੇ ਖ਼ਿਲਾਫ ਹਾਲੇ ਤੱਕ ਰਿੱਟ ਨਹੀਂ ਪਾ ਸਕੀ। 78 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ।

ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ ਬਿਆਨ ਕਿ ਕੋਟਕਪੂਰਾ ਚੌਂਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਹੀ ਬੇਅਦੀ ਦੇ ਦੋਸ਼ੀ ਹਨ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। 2018 ਤੋਂ ਲੈ ਕੇ ਅੱਜ ਤੱਕ ਜਿਹੜੀ ਐੱਸਆਈਟੀ ਨੇ ਕੰਮ ਕੀਤਾ, ਜਿਸ ਵਿੱਚ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਿਲ ਸਨ, ਉਨ੍ਹਾਂ ਨੇ ਬਹੁਤ ਇਮਾਨਦਾਰੀ ਦੇ ਨਾਲ ਜਾਂਚ ਕੀਤੀ ਸੀ ਪਰ ਉਸਦਾ ਨਤੀਜਾ ਇਹ ਮਿਲਿਆ ਕਿ ਜਾਂਚ ਮੁੱਢੋਂ ਹੀ ਖ਼ਾਰਜ ਹੋ ਗਈ। ਸਿਰਫ਼ ਪੰਜ ਡੇਰਾ ਪ੍ਰੇਮੀਆਂ ਦੇ ਆਲੇ-ਦੁਆਲੇ ਜਾਂਚ ਘੁਮਾਈ ਗਈ ਹੈ, ਜੋ 2017 ਵਿੱਚ ਫੜ੍ਹੇ ਗਏ ਸਨ ਅਤੇ ਜਿਨ੍ਹਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਹਾਲੇ ਤੱਕ ਇਨ੍ਹਾਂ ਖ਼ਿਲਾਫ਼ ਵੀ ਕੁੱਝ ਸਾਬਿਤ ਨਹੀਂ ਕਰ ਸਕੇ। ਅਸੀਂ ਇਨਸਾਫ ਤੱਕ ਪਹੁੰਚਣਾ ਹੈ। ਸੁਮੇਧ ਸੈਣੀ ਪੰਜਾਬ ਦਾ ਸਭ ਤੋਂ ਗੁੰਡਾ ਅਫ਼ਸਰ ਰਿਹਾ ਹੈ। ਉਸਨੂੰ ਸਰਕਾਰ ਬਚਾ ਰਹੀ ਹੈ। ਸਿੱਖਾਂ ਦੇ ਨਾਲ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ।

ਇੱਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀਆਂ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ। ਆਈਜੀ ਬਾਰਡਰ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਐਫਆਈਆਰ ਨੰਬਰ 117 ਤੇ 128 ਵਿੱਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ ਅਤੇ ਚਲਾਨ ਵੀ ਪੇਸ਼ ਕੀਤੇ ਗਏ ਸਨ। ਇਸ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਗਈ ਹੈ। ਐਡਿਸ਼ਿਨਲ ਚੀਫ਼ ਸੈਕਟਰੀ ਅਨੁਰਾਗ ਅਗਰਵਾਲ ਵੱਲੋਂ ਇਸ ਕੇਸ ਦੇ ਤੱਥਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਕੇਸ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸ਼ਕਤੀ ਸਿੰਘ ਪੁੱਥਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿਖਾਂਵਾਲਾ, ਰਣਜੀਤ ਸਿੰਘ ਉਰਫ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਗਲੀ ਗਿਆਨੀ ਲਾਲ ਸਿੰਘ, ਪ੍ਰੇਮ ਨਗਰ ਕੋਟਕਪੂਰਾ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।  

ਗ੍ਰਹਿ ਵਿਭਾਗ ਨੇ ਬੇਅਦਬੀ ਆਈਆਈਟੀ ਦੀ ਜਾਂਚ ‘ਤੇ ਸਹਿਮਤੀ ਪ੍ਰਗਟਾਉਂਦਿਆਂ ਦੋਵਾਂ ਕੇਸਾਂ ਸਬੰਧੀ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੰਦਿਆਂ ਬੇਅਦਬੀ ਮਾਮਲੇ ‘ਚ ਇਨਸਾਫ ਦਿਵਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਇਨ੍ਹਾਂ ‘ਚੋਂ 4 ਦੋਸ਼ੀਆਂ ਦੀ ਜ਼ਮਾਨਤ ਵੀ ਹੋ ਚੁੱਕੀ ਹੈ।