ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਘਟਨਾ ਵਾਪਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਲਾਕੇ ਦੀ ਸੰਗਤ ਵੱਲੋਂ ਸਾਂਝੇ ਤੌਰ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ।
ਸਮਾਗਮ ਦੀ ਸਮਾਪਤੀ ਮਗਰੋਂ ਗੁਰੂ ਸਾਹਿਬ ਦੇ ਸਰੂਪ ਨੂੰ ਸੁੱਖ ਆਸਨ ਕਰ ਦਿੱਤਾ ਗਿਆ ਸੀ।ਇਲਾਕੇ ਦੇ ਵਸਨੀਕ ਕਰਨਲ ਅਮਰੀਕ ਸਿੰਘ ਜਦੋਂ ਸਾਜ਼ੋ-ਸਾਮਾਨ ਸਾਂਭ ਰਹੇ ਸਨ ਤਾਂ ਇੱਕ ਚਾਦਰ ਹੇਠੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਵਿੱਤਰ ਅੰਗ ਦੇ ਟੁਕੜੇ ਮਿਲੇ। ਇਹ ਦੇਖ ਕੇ ਬੇਅਦਬੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਕੁਝ ਘੰਟਿਆਂ ਵਿੱਚ ਹੀ ਮਾਮਲੇ ਨੂੰ ਸੁਲਝਾ ਲਿਆ। ਜਾਂਚ ਵਿੱਚ ਪਤਾ ਲੱਗਾ ਕਿ ਇਹ ਬੇਅਦਬੀ ਖ਼ੁਦ ਅਖੰਡ ਪਾਠ ਕਰਵਾਉਣ ਵਾਲੇ ਪਾਠੀ ਸਿੰਘ ਵੱਲੋਂ ਹੀ ਕੀਤੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਪਿਛਲੇ 7-8 ਸਾਲਾਂ ਤੋਂ ਸੇਵਾ ਕਰ ਰਿਹਾ ਸੀ।
ਥਾਣਾ ਸਨੌਰ ਦੇ ਐਸਐਚਓ ਹਰਵਿੰਦਰ ਸਿੰਘ ਨੇ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪਾਠੀ ਸਿਮਰਨਜੀਤ ਸਿੰਘ ਖਿਲਾਫ ਧਾਰਾ 298 ਤੇ 299 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਇਹ ਘਟਨਾ ਸਿੱਖ ਸੰਗਤ ਵਿੱਚ ਗਹਿਰੇ ਦੁੱਖ ਅਤੇ ਗੁੱਸੇ ਦਾ ਕਾਰਨ ਬਣੀ ਹੈ, ਪਰ ਪੁਲਿਸ ਦੀ ਤੇਜ਼ ਕਾਰਵਾਈ ਨਾਲ ਮਾਮਲਾ ਜਲਦੀ ਹੱਲ ਹੋ ਗਿਆ।

