ਬਿਊਰੋ ਰਿਪੋਰਟ : ਬੇਅਦਬੀ ਇਨਸਾਫ ਵਿੱਚ ਹੋ ਰਹੀ ਹੈ ਦੇਰੀ ਅਤੇ ਆਪਣੇ ਖਿਲਾਫ਼ ਕੂੜ ਪ੍ਰਚਾਰ ਦੇ ਖਿਲਾਫ ਫਰੀਦਕੋਟ ਵਿੱਚ ਬੇਅਦਬੀ ਖਿਲਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਭਾਵੁਕ ਹੋ ਗਏ । ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਪ੍ਰਭਦੀਪ ਸਿੰਘ ਦੇ ਸਰਕਾਰੀ ਨੌਕਰੀ ਤੋਂ ਅਸਤੀਫ਼ੇ ਦਾ ਵੱਡਾ ਐਲਾਨ ਕੀਤਾ । ਇਹ ਨੌਕਰੀ ਉਨ੍ਹਾਂ ਨੂੰ ਗੋਲੀਕਾਂਡ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਦਿੱਤੀ ਗਈ ਸੀ । ਸੁਖਰਾਜ ਸਿੰਘ ਨੇ ਕਿਹਾ ਸਾਡੇ ਪਿਤਾ ਦੇ ਕਾਤਲਾਂ ਦੇ ਖੂਨੀਆਂ ਨੂੰ ਨਹੀਂ ਫੜਿਆ ਗਿਆ ਗੁਰੂ ਸਾਹਿਬ ਦੇ ਬੇਅਦਬੀ ਦੇ ਮੁਲਜ਼ਮ ਖਿਲਾਫ਼ ਕੋਈ ਕਾਰਵਾਹੀ ਨਹੀਂ ਹੋਈ ਅਸੀਂ ਇਸ ਨੌਕਰੀ ਦਾ ਕੀ ਕਰਨਾ ਹੈ । ਉਨ੍ਹਾਂ ਦਾਅਵਾ ਕੀਤਾ ਕਿ 7 ਜਨਵਰੀ ਨੂੰ ਅਸੀਂ ਬੇਅਦਬੀ ਮੋਰਚੇ ਤੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰਾਂਗੇ । ਜਿਹੜੇ ਲੋਕ ਉਨ੍ਹਾਂ ਖਿਲਾਫ ਫੰਡਿੰਗ ਦਾ ਕੂੜ ਪ੍ਰਚਾਰ ਕਰ ਰਹੇ ਹਨ ਉਹ ਭਾਵੇ ਇਸ ਮੋਰਚੇ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਦੋਵੇ ਸੜਕਾਂ ਖੋਲਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੁਝ ਲੋਕ ਧੁੰਦ ਨਾਲ ਹੋ ਰਹੀਆਂ ਦੁਰਘਟਨਾਵਾਂ ਨੂੰ ਲੈਕੇ ਵੀ ਉਨ੍ਹਾਂ ਵੱਲੋਂ ਸੜਕ ਜਾਮ ਕਰਨ ਨੂੰ ਜ਼ਿੰਮੇਵਾਰ ਦੱਸ ਦੇ ਹੋਏ ਉਨ੍ਹਾਂ ਨੂੰ ਘੇਰ ਰਹੇ ਹਨ । ਜਦਕਿ ਅਜਿਹਾ ਨਹੀਂ ਹੈ, ਦੁਰਘਟਨਾ ਦੇ ਲਈ ਧੁੰਦ ਜ਼ਿੰਮੇਵਾਰ ਹੈ । ਫਿਰ ਵੀ ਉਹ ਅਜਿਹੇ ਲੋਕਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਦੇ ਲਈ ਸੜਕ ਖੋਲ ਰਹੇ ਹਨ । ਉਨ੍ਹਾਂ ਨੇ ਸਰਕਾਰ ‘ਤੇ ਧਰਨੇ ਨੂੰ ਖਤਮ ਕਰਨ ਦੇ ਲਈ ਸਾਜਿਸ਼ ਦਾ ਵੀ ਇਲਜ਼ਾਮ ਲਗਾਇਆ ਹੈ।
15 ਦਸੰਬਰ ਨੂੰ ਬੇਅਦਬੀ ਦੇ ਖਿਲਾਫ਼ ਸੁਖਰਾਜ ਸਿੰਘ ਨੇ ਵੱਡਾ ਐਲਾਨ ਕਰਨ ਦਾ ਫੈਸਲਾ ਲਿਆ ਸੀ । ਪਰ ਸੰਗਤਾਂ ਦੇ ਇਕੱਠ ਨਾ ਹੋਣ ਦੀ ਵਜ੍ਹਾ ਕਰਕੇ ਸਿਰਫ ਸੜਕ ਜਾਮ ਕਰਨ ਦਾ ਹੀ ਐਲਾਨ ਕੀਤਾ ਗਿਆ । ਸੁਖਰਾਜ ਸਿੰਘ ਦਾ ਇਲਜ਼ਾਮ ਹੈ ਕਿ 15 ਤਰੀਕ ਨੂੰ ਸੰਗਤ ਇਸ ਲਈ ਨਹੀਂ ਪਹੁੰਚੀ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਿਆ ਸੀ । ਸਿਰਫ਼ ਇੰਨਾਂ ਹੀ ਨਹੀਂ ਸੁਖਰਾਜ ਨੇ ਇਲਜ਼ਾਮ ਲਗਾਇਆ ਕਿ ਮੀਡੀਆ ਕਵਰੇਜ ਦੇ ਜ਼ਰੀਏ ਲੋਕਾਂ ਤੱਕ ਮੋਰਚੇ ਦੀ ਗੱਲ ਨਾ ਪਹੁੰਚੇ ਇਸ ਵਾਸਤੇ ਸਰਕਾਰ ਜਾਣ ਬੁੱਝ ਕੇ ਵੱਡਾ ਪ੍ਰੋਗਰਾਮ ਰੱਖ ਦੀ ਹੈ ਤਾਂਕੀ ਮੀਡੀਆ ਕਵਰੇਜ ਨਾ ਮਿਲੇ । ਤੁਹਾਨੂੰ ਦੱਸ ਦੇਇਏ ਕਿ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਉੁਨ੍ਹਾਂ ਦੀ ਸਰਕਾਰ ਡੇਢ ਮਹੀਨੇ ਦੇ ਅੰਦਰ ਇਨਸਾਫ ਨਹੀਂ ਦੇ ਸਕੀ ਤਾਂ ਉਹ ਅਸਤੀਫ਼ਾ ਦੇਣਗੇ। 30 ਨਵੰਬਰ ਨੂੰ ਉਹ ਸਮਾਂ ਵੀ ਪੂਰ ਹੋ ਗਿਆ ਸੀ । ਇਸ ਤੋਂ ਪਹਿਲਾਂ ਪੰਜਾਬ ਵਿਧਾਸਨਭਾ ਦੀ ਚੋਣਾਂ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਤਾਂ ਉਹ 24 ਘੰਟੇ ਦੇ ਅੰਦਰ ਮੁਲਜ਼ਮਾਂ ਨੂੰ ਅੰਦਰ ਕਰ ਦੇਣਗੇ ਪਰ 9 ਮਹੀਨੇ ਬਾਅਦ ਸਿਰਫ SIT ਜਾਂਚ ਦੇ ਘੇਰੇ ਵਿੱਚ ਹੀ ਫਸੀ ਹੋਈ ਹੈ । ਇਨਸਾਫ਼ ਦੇ ਲਈ ਕਿਸੇ ਠੋਸ ਨਤੀਜੇ ‘ਤੇ ਨਹੀਂ ਪਹੁੰਚੀ ਹੈ।