ਗਾਜ਼ਾ ‘ਚ ਜਾਰੀ ਹਿੰਸਾ ‘ਤੇ ਰੂਸ ਦੇ ਪ੍ਰਸਤਾਵ ਨੂੰ ਸੋਮਵਾਰ ਰਾਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਖ਼ਾਰਜ ਕਰ ਦਿੱਤਾ ਗਿਆ। ਦਰਅਸਲ, ਰੂਸ ਦੇ ਪ੍ਰਸਤਾਵ ਵਿੱਚ ਗਾਜ਼ਾ ਵਿੱਚ ਨਾਗਰਿਕਾਂ ਵਿਰੁੱਧ ਹਿੰਸਾ ਦੀ ਨਿੰਦਾ ਕੀਤੀ ਗਈ ਸੀ ਅਤੇ ਜੰਗਬੰਦੀ ਦੀ ਮੰਗ ਕੀਤੀ ਗਈ ਸੀ, ਪਰ ਇਸ ਵਿੱਚ ਹਮਾਸ ਜਾਂ ਇਜ਼ਰਾਈਲੀ ਨਾਗਰਿਕਾਂ ਉੱਤੇ ਉਸ ਦੇ ਵਹਿਸ਼ੀ ਹਮਲਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਅਜਿਹੇ ‘ਚ ਪੱਛਮੀ ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਵਿੱਚ ਮਤੇ ਨੂੰ ਪਾਸ ਕਰਨ ਲਈ ਨੌਂ ਵੋਟਾਂ ਦੀ ਲੋੜ ਸੀ ਪਰ ਮਤੇ ਦੇ ਸਮਰਥਨ ਵਿੱਚ ਸਿਰਫ਼ ਚਾਰ ਮੁਲਕਾਂ ਨੇ ਹੀ ਵੋਟ ਪਾਈ। ਚਾਰ ਦੇਸ਼ਾਂ ਨੇ ਇਸ ਦੇ ਖ਼ਿਲਾਫ਼ ਵੋਟਿੰਗ ਕੀਤੀ।
ਰੂਸੀ ਮਤੇ ਦੇ ਸਮਰਥਨ ਵਿੱਚ ਵੋਟ ਪਾਉਣ ਵਾਲੇ ਦੇਸ਼ਾਂ ਵਿੱਚ ਚੀਨ, ਸੰਯੁਕਤ ਅਰਬ ਅਮੀਰਾਤ, ਮੋਜ਼ਾਮਬੀਕ ਅਤੇ ਗੈਬਨ ਸ਼ਾਮਲ ਸਨ। ਪ੍ਰਸਤਾਵ ਦੇ ਖ਼ਿਲਾਫ਼ ਵੋਟ ਪਾਉਣ ਵਾਲੇ ਦੇਸ਼ਾਂ ਵਿਚ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਫਰਾਂਸ ਸ਼ਾਮਲ ਹਨ। ਛੇ ਹੋਰ ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਦੱਸ ਦਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਏ ਲਗਭਗ ਦੋ ਹਫ਼ਤੇ ਬੀਤ ਚੁੱਕੇ ਹਨ ਪਰ ਹੁਣ ਤੱਕ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਜ਼ਿੰਮੇਵਾਰ ਸੰਯੁਕਤ ਰਾਸ਼ਟਰ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਸੁਰੱਖਿਆ ਪ੍ਰੀਸ਼ਦ ਇਸ ਨੂੰ ਰੋਕਣ ‘ਚ ਅਸਫਲ ਰਹੀ ਹੈ। ਹਿੰਸਾ.. 7 ਅਕਤੂਬਰ ਨੂੰ ਫ਼ਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲੀ ਸਰਹੱਦ ‘ਚ ਦਾਖਲ ਹੋ ਕੇ 1400 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਇਜ਼ਰਾਈਲ ਦੇ ਜਵਾਬੀ ਹਮਲੇ ਕਾਰਨ ਗਾਜ਼ਾ ਪੱਟੀ ‘ਚ ਹੁਣ ਤੱਕ ਕਰੀਬ 2750 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਗਾਜ਼ਾ ‘ਤੇ ਰੂਸੀ ਪ੍ਰਸਤਾਵ ‘ਤੇ ਵੋਟਿੰਗ ਤੋਂ ਪਹਿਲਾਂ, ਰੂਸੀ ਡਿਪਲੋਮੈਟ ਵੈਸੀਲੀ ਨੇਬਨਜ਼ੀਆ ਨੇ ਮੈਂਬਰ ਦੇਸ਼ਾਂ ਤੋਂ ਸਮਰਥਨ ਦੀ ਮੰਗ ਕਰਦੇ ਹੋਏ ਕਿਹਾ ਕਿ ਗਾਜ਼ਾ ਸੰਕਟ ਬੇਮਿਸਾਲ ਹੈ ਅਤੇ ਹਰ ਘੰਟੇ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਰੂਸੀ ਡਿਪਲੋਮੈਟ ਨੇ ਇਜ਼ਰਾਈਲ ਅਤੇ ਗਾਜ਼ਾ ਵਿੱਚ ਨਾਗਰਿਕਾਂ ਦੀ ਮੌਤ ਦੀ ਸਖ਼ਤ ਨਿੰਦਾ ਕੀਤੀ।
ਰੂਸੀ ਪ੍ਰਸਤਾਵ ਨੂੰ ਠੁਕਰਾਏ ਜਾਣ ਤੋਂ ਬਾਅਦ ਵੈਸੀਲੀ ਨੇਬਨਜ਼ੀਆ ਨੇ ਕਿਹਾ ਕਿ ਇਹ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਪੱਛਮੀ ਦੇਸ਼ਾਂ ਦੇ ਹਿੱਤਾਂ ਦੀ ਬੰਧਕ ਹੈ ਅਤੇ ਇਹ ਪਿਛਲੇ ਦਹਾਕੇ ਦੀ ਸਭ ਤੋਂ ਗੰਭੀਰ ਹਿੰਸਾ ਨੂੰ ਰੋਕਣ ਲਈ ਇੱਕਜੁੱਟ ਸੰਦੇਸ਼ ਦੇਣ ਵਿਚ ਅਸਫਲ ਰਹੀ ਹੈ।
ਇਸ ਦੌਰਾਨ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਰੂਸੀ ਮਤੇ ਵਿੱਚ ਹਮਾਸ ਦਾ ਕੋਈ ਜ਼ਿਕਰ ਨਹੀਂ ਹੈ, ਜਦਕਿ ਹਮਾਸ ਨੇ ਇਜ਼ਰਾਈਲੀ ਨਾਗਰਿਕਾਂ ਅਤੇ ਯਹੂਦੀਆਂ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਹਮਲਾ ਕੀਤਾ ਹੈ। ਹਮਾਸ ਦੀ ਨਿੰਦਾ ਨਾ ਕਰਕੇ, ਰੂਸ ਇਸ ਅੱਤਵਾਦੀ ਸੰਗਠਨ ਦੀਆਂ ਵਹਿਸ਼ੀ ਕਾਰਵਾਈਆਂ ਦਾ ਬਚਾਅ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਾਸ ਦੇ ਹਮਲੇ ਕਾਰਨ ਗਾਜ਼ਾ ਵਿੱਚ ਇਹ ਗੰਭੀਰ ਮਨੁੱਖੀ ਸੰਕਟ ਪੈਦਾ ਹੋਇਆ ਹੈ।
ਅਮਰੀਕੀ ਰਾਜਦੂਤ ਨੇ ਗਾਜ਼ਾ ‘ਚ ਚੱਲ ਰਹੀ ਹਿੰਸਾ ਦੀ ਵੀ ਨਿੰਦਾ ਕੀਤੀ ਪਰ ਨਾਲ ਹੀ ਕਿਹਾ ਕਿ ਅੱਤਵਾਦੀ ਹਮਲੇ ਦਾ ਜਵਾਬ ਦੇਣਾ ਇਜ਼ਰਾਈਲ ਦਾ ਅਧਿਕਾਰ ਹੈ। ਬ੍ਰਿਟਿਸ਼ ਰਾਜਦੂਤ ਬਾਰਬਰਾ ਵੁਡਵਰਡ ਨੇ ਰੂਸੀ ਪ੍ਰਸਤਾਵ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨੇ ਇਜ਼ਰਾਈਲ ‘ਤੇ ਆਪਣੇ ਇਤਿਹਾਸ ਦੇ ਸਭ ਤੋਂ ਵਹਿਸ਼ੀ ਹਮਲੇ ਨੂੰ ਨਜ਼ਰਅੰਦਾਜ਼ ਕੀਤਾ ਹੈ।