International

ਰੂਸ ਦਾ ਯੂਕਰੇਨ ਦੇ ਬੱਚਿਆਂ ਦੇ ਹਸਪਤਾਲ ‘ਤੇ ਹਵਾਈ ਹਮਲਾ, 41 ਦੀ ਮੌਤ, 170 ਤੋਂ ਵੱਧ ਜ਼ਖਮੀ

ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਹਸਪਤਾਲ ‘ਤੇ ਹਵਾਈ ਹਮਲਾ ਕੀਤਾ। ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ ਅਤੇ 170 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਮੁਤਾਬਕ ਇਹ ਹਮਲਾ ਸੋਮਵਾਰ ਨੂੰ ਕੀਵ ਵਿੱਚ ਹੋਇਆ। ਇਸ ਤੋਂ ਬਾਅਦ 600 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਤੋਂ ਦੂਜੀ ਥਾਂ ‘ਤੇ ਸ਼ਿਫਟ ਕੀਤਾ ਗਿਆ।

ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹਸਪਤਾਲ ਦੀ ਇਮਾਰਤ ਢਹਿ ਗਈ। ਪੁਲਸ ਨੇ ਦੱਸਿਆ ਕਿ 3 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਹਮਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਹਸਪਤਾਲ ‘ਚ ਭੀੜ-ਭੜੱਕਾ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਇਸ ਘਟਨਾ ‘ਤੇ ਵਿਸ਼ੇਸ਼ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਜ਼ੇਲੇਨਸਕੀ ਨੇ ਬਦਲਾ ਲੈਣ ਲਈ ਦੇਸ਼ ਦੇ ਫੌਜੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਵੀ ਬੁਲਾਈ ਸੀ।

ਬਚਾਅ ਦਲ ਅਤੇ ਸਥਾਨਕ ਲੋਕ ਮਲਬੇ ਨੂੰ ਹਟਾ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਮੁਤਾਬਕ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਹਮਲਾ ਇੰਨਾ ਵੱਡਾ ਸੀ ਕਿ ਆਸ-ਪਾਸ ਦੀਆਂ 100 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

ਯੂਕਰੇਨੀ ਹਵਾਈ ਸੈਨਾ ਨੇ ਦੱਸਿਆ ਕਿ ਉਸ ਨੇ 38 ਵਿੱਚੋਂ 30 ਰੂਸੀ ਮਿਜ਼ਾਈਲਾਂ ਨੂੰ ਡੇਗ ਦਿੱਤਾ ਹੈ। ਇਹ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਸੀ। ਇਨ੍ਹਾਂ ਹਮਲਿਆਂ ‘ਚ ਸਭ ਤੋਂ ਜ਼ਿਆਦਾ ਨੁਕਸਾਨ ਦਾਨੀਪਰੋ, ਕ੍ਰੀਵੀ ਰਿਹ, ਸਲੋਵਿੰਸਕ ਅਤੇ ਕ੍ਰਾਮੇਟੋਰਸਕ ਸ਼ਹਿਰਾਂ ਨੂੰ ਹੋਇਆ ਹੈ।

3 ਦਿਨ ਪਹਿਲਾਂ 55 ਵਾਰ ਹਵਾਈ ਹਮਲੇ

ਰੂਸ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ‘ਚ ਯੂਕਰੇਨ ‘ਤੇ 55 ਹਵਾਈ ਹਮਲੇ ਕੀਤੇ। ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 43 ਤੋਂ ਵੱਧ ਲੋਕ ਜ਼ਖਮੀ ਹੋ ਗਏ। ਰੂਸੀ ਸਮਾਚਾਰ ਏਜੰਸੀ ਆਰਆਈਏ ਮੁਤਾਬਕ ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਵੱਖ-ਵੱਖ ਸਥਾਨਾਂ ‘ਤੇ 6 ਰਾਕੇਟ ਅਤੇ 70 ਤੋਂ ਜ਼ਿਆਦਾ ਗਲਾਈਡ ਬੰਬਾਂ ਨਾਲ ਹਮਲਾ ਕੀਤਾ।

ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਰੂਸੀ ਫੌਜ ਰਾਤ ਭਰ ਰੁਕ-ਰੁਕ ਕੇ ਹਮਲੇ ਕਰ ਰਹੀ ਹੈ। ਉਨ੍ਹਾਂ ਨੇ ਉੱਤਰੀ ਯੂਕਰੇਨ ਵਿੱਚ ਪਾਵਰ ਪਲਾਂਟਾਂ ‘ਤੇ ਹਮਲਾ ਕੀਤਾ, ਜਿਸ ਨਾਲ 1 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਰਹਿ ਗਏ।