International

ਰੂਸ ‘ਚ ਭਾਰਤ ਖਿਲਾਫ਼ ਆਤਮਘਾਤੀ ਹਮਲੇ ਦੀ ਸਾਜਿਸ਼ ਕਰਨ ਵਾਲਾ ਗ੍ਰਿਫਤਾਰ,ਪੰਜਾਬ ‘ਚ ਹਾਈ ਅਲਰਟ

ਰੂਸ ਨੇ ਇਸਲਾਮਿਕ ਸਟੇਟ ਦੇ ਆਤਮਘਾਤੀ  ਨੂੰ  ਕੀਤਾ ਗ੍ਰਿਫਤਾਰ

ਖਾਲਸ ਬਿਊਰੋ:ਰੂਸ ਨੇ ਭਾਰਤ ਖਿਲਾਫ਼ ਸਾਜਿਸ਼ ਕਰਨ ਵਾਲੇ ਇਸਲਾਮਿਕ ਸਟੇਟ ਦੇ ਇੱਕ  ਖ਼ਤਰਨਾਕ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਹੈ।ਇਹ ਦਹਿਸ਼ਤਗਰਦ ਇੱਕ ਆਤਮਘਾਤੀ ਮਨੁੱਖੀ  ਬੰਬ ਦੱਸਿਆ ਜਾ ਰਿਹਾ ਹੈ,ਜਿਸ ਨੂੰ ਰੂਸ ਨੇ ਸੋਮਵਾਰ 22 ਅਗਸਤ ਨੂੰ ਫੜਿਆ ਹੈ।ਇਹ ਖ਼ਤਰਨਾਕ ਸੂਸਾਈਡਰ ਭਾਰਤ ਵਿੱਚ ਕਿਸੇ ਵੱਡੀ ਸ਼ਖ਼ਸੀਅਤ ਨੂੰ ਉਡਾਣ ਦੀ ਫਿਰਾਕ ਵਿੱਚ ਸੀ।ਰੂਸੀ ਫੈਡਰਲ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਫੜੇ ਗਏ ਦਹਿਸ਼ਤਗਰਦ ਦੇ ਸਬੰਧ ਇਸਲਾਮਿਕ ਸਟੇਟ ਨਾਲ ਹਨ।ਜਿਸ ਤੋਂ ਬਾਅਦ ਹੀ ਇਸ ਦਹਿਸ਼ਤਗਰਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਜਿਸ ਵਿਅਕਤੀ ਨੂੰ ਰੂਸ ਦੀ ਫੈਡਰਲ ਏਜੰਸੀ ਨੇ ਫੜਿਆ ਹੈ,ਉਹ ਏਸ਼ੀਆਈ ਦੇਸ਼ ਦਾ ਨਾਗਰਿਕ ਦਸਿਆ ਜਾ ਰਿਹਾ ਹੈ।ਉਹ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਤੁਰਕੀ ਵਿੱਚ ਹੀ ਸੀ,ਜਿੱਥੇ ਉਸ ਨੂੰ ਆਤਮਘਾਤੀ ਹਮਲੇ  ਦੀ ਟ੍ਰੇਨਿੰਗ ਦਿੱਤੀ ਗਈ ਸੀ। ਟੈਲੀਗਰਾਮ ਦੇ ਜ਼ਰੀਏ ਉਹ IS ਯਾਨੀ ਇਸਲਾਮਿਕ ਸਟੇਟ ਨਾਲ ਜੁੜਿਆ ਸੀ।ਨੁਪੁੂਰ ਸ਼ਰਮਾ ਵੱਲੋਂ ਮੁਹੰਮਦ ਸਾਹਿਬ ‘ਤੇ ਕੀਤੀ ਗਈ ਟਿਪਣੀ ਤੋਂ ਬਾਅਦ ਇਸਲਾਮਿਕ ਸਟੇਟ ਨੇ ਹੀ ਭਾਰਤ ‘ਤੇ ਹਮਲੇ ਦੀ ਧਮਕੀ ਦਿੱਤੀ ਸੀ।ਰੂਸ ਤੋਂ ਗ੍ਰਿਫਤਾਰ ਦਹਿਸ਼ਤਗਰਦ ਨੂੰ ਹਲਕੇ ਨਾਲ ਨਹੀਂ ਲਿਆ ਜਾ ਸਕਦਾ ਹੈ ਕਿ ਕਿਉਂਕਿ 24 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਏਜੰਸੀਆਂ ਨੇ ਪਹਿਲਾਂ ਹੀ ਹਾਈ ਅਲਰਟ ਦਾ ਐਲਾਨ ਕੀਤਾ ਹੋਇਆ ਹੈ।

SFJ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਧਮਕੀ

24 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਹਾਲੀ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਹੀ SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਮੈਸੇਜ ਦੇ ਜ਼ਰੀਏ ਧਮਕੀ ਦਿੱਤੀ ਸੀ।ਉਸ ਨੇ ਕਿਹਾ ਸੀ ਕਿ ਫਿਰੋਜ਼ਪੁਰ ਵਾਂਗ PM ਮੋਦੀ ਨੂੰ ਵਾਪਸ ਜਾਣਾ ਪਏਗਾ, SFJ ਦੇ ਲੋਕ ਮੁਹਾਲੀ ਪਹੁੰਚ ਚੁੱਕੇ ਹਨ।ਪੰਨੂ ਦੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਵੀ ਪੰਜਾਬ ਲਈ ਹਾਈ ਅਲਰਟ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਦਹਿਸ਼ਤਗਰਦ ਬੱਸ ਅੱਡੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ  ਚਲਾਈ ਜਾ ਰਹੀ ਹੈ।