India International

ਭਾਰਤੀ ਮੀਡੀਆ ਨਾਲ ਰੂਸ ਹੋਇਆ ਗੁੱ ਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) ) :- ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਲੜਾਈ ‘ਤੇ ਭਾਰਤੀ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਨੂੰ ਲੈ ਕੇ ਰੂਸ ਗੁੱਸੇ ਵਿੱਚ ਹੈ। ਇਸ ਨੂੰ ਲੈ ਕੇ ਰੂਸੀ ਦੂਤਾਵਾਸ ਨੇ ਮੀਡੀਆ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਵਿੱਚ ਰੂਸੀ ਦੂਤਾਵਾਸ ਨੇ ਟਵੀਟ ਕਰਕੇ ਕਿਹਾ ਕਿ ਯੂਕਰੇਨ ਵਿੱਚ ਜਾਰੀ ਸੰਕਟ ਨੂੰ ਦੇਖਦਿਆਂ ਭਾਰਤੀ ਮੀਡੀਆ ਨੂੰ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਭਾਰਤ ਦੇ ਲੋਕਾਂ ਨੂੰ ਨਿਰਪੱਖ ਅਤੇ ਸਹੀ ਜਾਣਕਾਰੀ ਮਿਲ ਸਕੇ।

ਰੂਸੀ ਦੂਤਾਵਾਸ ਨੇ ਕਿਹਾ ਕਿ ਰੂਸ ਨੇ ਯੂਕਰੇਨ ਅਤੇ ਉਸਦੇ ਲੋਕਾਂ ਦੇ ਖ਼ਿਲਾਫ਼ ਯੁੱਧ ਨਹੀਂ ਛੇੜਿਆ ਹੈ। ਇਹ ਰੂਸ ਦਾ ਖ਼ਾਸ ਫ਼ੌਜੀ ਅਭਿਆਸ ਹੈ, ਜੋ ਯੂਕਰੇਨ ਦੇ ਫ਼ੌਜੀਕਰਨ ਨੂੰ ਰੋਕਣਾ ਚਾਹੁੰਦਾ ਹੈ। ਡੋਨਬਾਸ ਵਿੱਚ ਯੂਕਰੇਨ ਨੇ ਪਿਛਲੇ ਅੱਠ ਸਾਲਾਂ ਵਿੱਚ ਜੋ ਯੁੱਧ ਛੇੜ ਰੱਖਿਆ ਹੈ, ਰੂਸ ਉਸਨੂੰ ਵੀ ਖ਼ਤਮ ਕਰਨਾ ਚਾਹੁੰਦਾ ਹੈ। ਯੂਕਰੇਨ ‘ਤੇ ਜਾਰੀ ਰੂਸੀ ਹਮਲਿਆਂ ਦੇ ਬਾਰੇ ਦੂਤਾਵਾਸ ਨੇ ਕਿਹਾ ਕਿ ਰੂਸੀ ਫ਼ੌਜ ਕਾਫ਼ੀ ਸੰਜਮ ਵਰਤ ਰਹੀ ਹੈ। ਉਹ ਯੂਕਰੇਨ ਦੇ ਨਾਗਰਿਕਾਂ ਅਤੇ ਸ਼ਹਿਰਾਂ ਉੱਤੇ ਹਮਲੇ ਨਹੀਂ ਕਰ ਰਹੀ ਹੈ। ਉਹ ਸਿਰਫ਼ ਯੂਕਰੇਨ ਦੇ ਮਿਲਿਟਰੀ ਇਨਫਰਾਸਟਰਕਚਰ ਨੂੰ ਨਿਸ਼ਾਨਾ ਬਣਾ ਰਹੀ ਹੈ।

ਦੂਤਾਵਾਸ ਨੇ ਕਿਹਾ ਕਿ ਰੂਸੀ ਫ਼ੌਜ ਯੂਕਰੇਨੀ ਫ਼ੌਜ ਦੀ ਤਰ੍ਹਾਂ ਪਾਬੰਦੀਸ਼ੁਦਾ ਹਥਿਆਰਾਂ ਦਾ ਇਸਤੇਮਾਲ ਨਹੀਂ ਕਰ ਰਹੀ ਹੈ ਅਤੇ ਨਾ ਹੀ ਨਾਗਰਿਕਾਂ ਨੂੰ ਮਨੁੱਖੀ ਢਾਲ ਬਣਾ ਰਹੀ ਹੈ। ਉਹ ਯੁੱਧ ਬੰਦੀਆਂ ਦੇ ਨਾਲ ਕਾਫ਼ੀ ਇੱਜ਼ਤ ਨਾਲ ਪੇਸ਼ ਆ ਰਹੀ ਹੈ। ਰੂਸ ਲਗਾਤਾਰ ਗੱਲਬਾਤ ਅਤੇ ਵਿਚਾਰ ਚਰਚਾ ਦੇ ਲਈ ਯਤਨ ਕਰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਪ੍ਰਮਾਣੂ ਪਲਾਂਟ ਸੁਰੱਖਿਅਤ ਹਨ। ਆਈਏਈਏ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਜੇਕਰ ਇਨ੍ਹਾਂ ਨਾਲ ਸਬੰਧਤ ਕੋਈ ਗਲਤ ਜਾਣਕਾਰੀ ਹੈ, ਤਾਂ ਇਹ ਪੱਖਪਾਤੀ ਅਤੇ ਗੁੰਮਰਾਹਕੁੰਨ ਹੋਵੇਗੀ।”