‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਭਾਰਤੀ ਮੀਡੀਆ ਤੋਂ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਭਾਰਤੀ ਮੀਡੀਆ ਵਿੱਚ ਕਜਾਕਿਸਤਾਨ ਅਤੇ ਯੂਕਰੇਨ ਦੀ ਕਵਰੇਜ ਨੂੰ ਲੈ ਕੇ ਭਾਰਤੀ ਮੀਡੀਆ ਨੂੰ ਸਿੱਧੇ ਹੱਥੀਂ ਲਿਆ ਹੈ। ਰੂਸ ਨੇ ਪਹਿਲੀ ਨਰਾਜ਼ਗੀ ਸੱਤ ਜਨਵਰੀ ਨੂੰ ਕਜਾਕਿਸਤਾਨ ਵਿੱਚ ਆਪਣੇ ਸੈਨਿਕਾਂ ਨੂੰ ਭੇਜਣ ਨੂੰ ਲੈ ਕੇ ਭਾਰਤੀ ਮੀਡੀਆ ਵਿੱਚ ਜਿਸ ਤਰ੍ਹਾਂ ਨਾਲ ਰਿਪੋਰਟ ਛਪੀ, ਉਸ ‘ਤੇ ਨਰਾਜ਼ਗੀ ਜਤਾਈ। ਇਹ ਨਰਾਜ਼ਗੀ ਭਾਰਤ ਵਿੱਚ ਸਥਿਤ ਰੂਸੀ ਦੂਤਾਵੇਸ ਵੱਲੋਂ ਜਤਾਈ ਗਈ ਹੈ। ਰੂਸ ਦਾ ਕਹਿਣਾ ਹੈ ਕਿ ਭਾਰਤੀ ਮੀਡੀਆ ਕਜਾਕਿਸਤਾਨ ਵਿੱਚ ਰੂਸੀ ਸੈਨਿਕਾਂ ਦੇ ਜਾਣ ਬਾਰੇ ਨੂੰ ਲੈ ਕੇ ਪੂਰਾ ਸੱਚ ਨਹੀਂ ਦੱਸ ਰਿਹਾ ਹੈ।
ਰੂਸੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ 15 ਮਈ 1992 ਨੂੰ ਕੁਲੈਕਟਿਵ ਸਿਕਿਓਰਿਟੀ ਸੰਧੀ ‘ਤੇ ਸਹਿਮਤੀ ਬਣੀ ਸੀ ਅਤੇ ਇਸਦੀ ਧਾਰਾ ਚਾਰ ਅਨੁਸਾਰ ਮੈਂਬਰ ਦੇਸ਼ਾਂ ਵਿੱਚ ਸਥਿਰਤਾ ਕਾਇਮ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਅਤੇ ਅਖੰਡਤਾ ‘ਤੇ ਬਾਹਰੀ ਹਮਲੇ ਤੋਂ ਬਚਾਉਣ ਲਈ ਮੈਂਬਰ ਦੇਸ਼ ਦੀ ਅਪੀਲ ‘ਤੇ ਸੈਨਿਕ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਭੇਜੀ ਜਾਵੇਗੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ CSTO ਪੀਸਕੀਪਿੰਗ ਫੋਰਸ ਦੀ ਤੈਨਾਤੀ ਉਦੋਂ ਹੀ ਹੁੰਦੀ ਹੈ ਜਦੋਂ ਸਾਰੇ ਮੈਂਬਰਾਂ ਵਿੱਚ ਆਮ ਸਹਿਮਤੀ ਹੋਵੇਗੀ। ਕਜਾਕਿਤਸਾਨ ਦੇ ਮਾਮਲੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਹੈ।
ਛੇ ਜਨਵਰੀ ਨੂੰ ਕਜਾਕਿਸਤਾਨ ਵਿੱਚ ਭੇਜੀਆਂ ਗਈਆਂ ਪੀਸਕੀਪਿੰਗ ਫੋਰਸਾਂ ਵਿੱਚ ਰੂਸੀ ਸੈਨਿਕਾਂ ਤੋਂ ਇਲਾਵਾ ਆਰਮੀਨੀਆ, ਬੇਲਾਰੂਸ ਅਤੇ ਕਜਾਕਿਸਤਾਨ ਦੇ ਸੈਨਿਕ ਵੀ ਸ਼ਾਮਿਲ ਸਨ। ਸੱਤ ਜਨਵਰੀ ਨੂੰ ਕਜਾਕਿਸਤਾਨ ਦੇ ਅਧਿਕਾਰੀਆਂ ਨੇ ਕਾਨੂੰਨ ਵਿਵਸਥਾ ਬਹਾਲ ਕਰਨ ਦਾ ਬਿਆਨ ਜਾਰੀ ਕਰ ਦਿੱਤਾ। ਸੂਤਰਾਂ ਦੀ ਜਾਣਕਾਰੀ ਮੁਤਾਬਕ ਰੂਸ ਦਾ ਗੁੱਸਾ ਭਾਰਤੀ ਮੀਡੀਆ ‘ਤੇ ਸਿਰਫ਼ ਕਜਾਕਿਸਤਾਨ ਸੰਕਟ ਵਿੱਚ ਰੂਸ ਦੀ ਭੂਮਿਕਾ ‘ਤੇ ਕਵਰੇਜ ਤੱਕ ਹੀ ਸੀਮਤ ਨਾ ਰਿਹਾ।
9 ਜਨਵਰੀ ਨੂੰ ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਹੋਰ ਬਿਆਨ ਜਾਰੀ ਕਰਕੇ ਇਸ ਵਾਰ ਯੂਕਰੇਨ ਸੰਕਟ ‘ਤੇ ਭਾਰਤੀ ਮੀਡੀਆ ਦੀ ਕਵਰੇਜ ਦੀ ਤਿੱਖੀ ਆਲੋਚਨਾ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤੀ ਮੀਡੀਆ ਵਿੱਚ ਇੱਕ ਵਾਰ ਫਿਰ ਤੋਂ ਯੂਕਰੇਨ ਸੰਕਟ ਅਤੇ ਰੂਸ ਦੇ ਰੁਖ਼ ਨੂੰ ਲੈ ਕੇ ਪੱਖਪਾਤੀ ਤਸਵੀਰ ਛਪੀ ਹੈ। ਭਾਰਤੀ ਮੀਡੀਆ ਵਿੱਚ ਯੂਕਰੇਨ ਦੇ ਅਧਿਕਾਰੀਆਂ ਦਾ ਅਪਮਾਨਜਨਕ ਬਿਆਨ ਵੀ ਛਪਿਆ ਹੈ।
ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਕਿਸੇ ਵੀ ਦੇਸ਼ ਦੇ ਲਈ ਖ਼ਤਰਾ ਨਹੀਂ ਹੈ। ਅਸੀਂ ਬਹੁਤ ਜ਼ਿਆਦਾ ਸੰਜਮ ਵਰਤਦੇ ਹਾਂ। ਦਰਅਸਲ, ਯੂਕਰੇਨ ਦੀ ਸੀਮਾ ‘ਤੇ ਰੂਸ ਨੇ ਹਜ਼ਾਰਾਂ ਦੀ ਸੰਖਿਆਂ ਵਿੱਚ ਆਪਣੇ ਸੈਨਿਕਾਂ ਦੀ ਤਾਇਨਾਤੀ ਕੀਤੀ ਹੋਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਕਦੇ ਵੀ ਯੂਕਰੇਨ ‘ਤੇ ਹਮ ਲਾ ਕਰ ਸਕਦਾ ਹੈ। ਹਾਲਾਂਕਿ, ਰੂਸ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ‘ਤੇ ਹਮ ਲਾ ਕੀਤਾ ਤਾਂ ਭਾਰੀ ਕੀਮਤ ਚੁਕਾਉਣ ਪਵੇਗੀ। ਯੂਕਰੇਨ ਦਾ ਵਿਵਾਦ ਹਾਲੇ ਚੱਲ ਹੀ ਰਿਹਾ ਸੀ ਕਿ ਕਜਾਕਿਸਤਾਨ ਵਿੱਚ ਹਿੰ ਸਾ ਭੜਕ ਉੱਠੀ ਅਤੇ ਰੂਸ ਨੇ ਆਪਣੇ ਸੈਨਿਕਾਂ ਨੂੰ ਉੱਥੇ ਭੇਜ ਦਿੱਤਾ। ਅਮਰੀਕਾ ਨੇ ਇਸ ‘ਤੇ ਸਖ਼ਤ ਨਰਾਜ਼ਗੀ ਜਤਾਈ। ਯੂਕਰੇਨ ਅਤੇ ਕਜਾਕਿਸਤਾਨ ਦੋਵੇਂ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਹੇ ਹਨ।