‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਨੇ ਆਪਣੇ ਹਵਾਈ ਅੱਡਿਆਂ ‘ਤੇ ਬ੍ਰਿਟਿਸ਼ ਏਅਰਲਾਇੰਨਜ਼ ਦੇ ਜਹਾਜ਼ਾਂ ਦੇ ਉਤਰਣ ‘ਤੇ ਰੋਕ ਲਗਾ ਦਿੱਤੀ ਹੈ। ਰੂਸ ਦੇ ਸ਼ਹਿਰੀ ਹਵਾਬਾਜ਼ ਮੰਤਰਾਲੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਇੰਗਲੈਂਡ ਦੇ ਜਹਾਜ਼ਾਂ ਨੂੰ ਰੂਸ ਦੇ ਉੱਪਰ ਤੋਂ ਲੰਘਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ। ਇੰਗਲੈਂਡ ਨੇ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਰੂਸ ਦੇ ਜਹਾਜ਼ਾਂ ਦਾ ਇੰਗਲੈਂਡ ਵਿੱਚ ਉਤਰਣ ‘ਤੇ ਰੋਕ ਸਮੇਤ ਰੂਸ ਦੇ ਕਈ ਬੈਂਕਾਂ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਇੰਗਲੈਂਡ ਦੀ ਕਾਰਵਾਈ ਦੇ ਜਵਾਬ ਵਿੱਚ ਰੂਸ ਨੇ ਇਹ ਕਦਮ ਚੁੱਕ ਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ ਹੈ।
ਪੂਰਬੀ ਯੂਰਪ ‘ਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਹਮ ਲਾ ਕਰ ਦਿੱਤਾ ਹੈ। ਰੂਸ ਵੱਲੋਂ ਕੱਲ੍ਹ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਯੂਕਰੇਨ ਵਿੱਚ ਹਾਲਾਤ ਬਹੁਤ ਦਰਦਮਈ ਬਣੇ ਹੋਏ ਹਨ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮ ਲਾ ਕੀਤਾ ਹੈ। ਇਸ ਹਮ ਲੇ ਵਿੱਚ ਕਿੰਨੇ ਹੀ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਹੋ ਗਏ ਹਨ। ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ।