International

ਰੂਸ ਨੇ ਪਹਿਲੀ ਵਾਰ ਯੂਕਰੇਨ ਦੀ ਮੁੱਖ ਸਰਕਾਰੀ ਇਮਾਰਤ ‘ਤੇ ਕੀਤਾ ਹਮਲਾ

ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਨੇ ਕਿਹਾ ਕਿ ਰੂਸ ਨੇ ਪਹਿਲੀ ਵਾਰ ਕੀਵ ਦੀ ਮੁੱਖ ਸਰਕਾਰੀ ਇਮਾਰਤ ‘ਤੇ ਹਮਲਾ ਕੀਤਾ, ਜਿਸ ਨਾਲ ਇਮਾਰਤ ਦੀ ਛੱਤ ਅਤੇ ਉਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ। ਬਚਾਅ ਕਰਮਚਾਰੀ ਅੱਗ ਬੁਝਾਉਣ ਵਿੱਚ ਜੁਟੇ ਹਨ। ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਦੱਸਿਆ ਕਿ ਇਹ ਅੱਗ ਇੱਕ “ਕਥਿਤ ਡਰੋਨ ਹਮਲੇ” ਕਾਰਨ ਲੱਗੀ, ਜੋ ਕੇਂਦਰੀ ਪੇਚਰਸਕੀ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ ਇਮਾਰਤ ਵਿੱਚ ਹੋਈ।

ਬੀਬੀਸੀ ਦੀ ਖ਼ਬਰ ਦੇ ਮੁਤਾਬਕ ਕੀਵ ਦੇ ਹੋਰ ਇਲਾਕਿਆਂ ‘ਤੇ ਵੀ ਹਮਲੇ ਹੋਏ, ਜਿਨ੍ਹਾਂ ਵਿੱਚ ਇੱਕ ਗੋਦਾਮ, 16 ਮੰਜ਼ਿਲਾ ਰਿਹਾਇਸ਼ੀ ਇਮਾਰਤ ਅਤੇ ਇੱਕ ਚਾਰ ਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ। ਰਾਤ ਭਰ ਚੱਲੇ ਰੂਸੀ ਡਰੋਨ ਹਮਲਿਆਂ ਵਿੱਚ ਘੱਟੋ-ਘੱਟ ਦੋ ਲੋਕ ਮਾਰੇ ਗਏ ਅਤੇ 13 ਜ਼ਖਮੀ ਹੋਏ।

ਰੂਸ ਨੇ ਕੇਂਦਰੀ ਯੂਕਰੇਨ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਜੱਦੀ ਸ਼ਹਿਰ ਕ੍ਰਿਵੀ ਰੇਹ ‘ਤੇ ਵੀ ਹਮਲਾ ਕੀਤਾ। ਐਤਵਾਰ ਤੜਕੇ ਕੀਵ ਵਿੱਚ ਕਈ ਧਮਾਕੇ ਹੋਏ, ਜਿਨ੍ਹਾਂ ਵਿੱਚੋਂ ਇੱਕ ਸ਼ਹਿਰ ਦੇ ਕੇਂਦਰ ਵਿੱਚ ਸੀ, ਜਿਸ ਨੂੰ ਬੀਬੀਸੀ ਨੇ ਵੀ ਦੇਖਿਆ। ਕਈ ਕਰੂਜ਼ ਮਿਜ਼ਾਈਲਾਂ ਨੇ ਵੀ ਕੀਵ ਨੂੰ ਨਿਸ਼ਾਨਾ ਬਣਾਇਆ।