India International Punjab

ਰੂਸ ਖਿਲਾਫ਼ ਇਨ੍ਹਾਂ ਮੁਲਕਾਂ ਨੇ ਲਾਈਆਂ ਪਾਬੰਦੀਆਂ, ਕਈ ਦੇਸ਼ ਰੂਸ ਦੇ ਹੱਕ ‘ਚ ਆਏ ਅੱਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੂਸ-ਯੂਕਰੇਨ ਸੰ ਕਟ ਹੁਣ ਲਗਭਗ ਯੁੱਧ ਦੀ ਸਥਿਤੀ ਤੱਕ ਪਹੁੰਚ ਗਿਆ ਹੈ। ਅਮਰੀਕਾ, ਬ੍ਰਿਟੇਨ ਵਰਗੇ ਦੇਸ਼ਾਂ ਨੇ ਤਾਂ ਦਾਅਵਾ ਕਰ ਦਿੱਤਾ ਹੈ ਕਿ ਯੁੱਧ ਸ਼ੁਰੂ ਹੋ ਚੁੱਕਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਦੇ ਦੋ ਵੱਖਵਾਦੀ ਖ਼ੇਤਰਾਂ ਦੋਨੇਤਸਕ ਅਤੇ ਲੁਹਾਂਸਕ ਨੂੰ ਮਾਨਤਾ ਦੇਣ ਤੋਂ ਬਾਅਦ ਯੂਕਰੇਨ ਸੰਕਟ ਨੂੰ ਲੈ ਕੇ ਨਵਾਂ ਮੋੜ ਆ ਗਿਆ ਹੈ। ਰੂਸ ਦੇ ਇਸ ਕਦਮ ਨੂੰ ਯੂਕਰੇਨ ‘ਤੇ ਹਮਲਾ ਕਰਨ ਦੇ ਬਰਾਬਰ ਮੰਨਦਿਆਂ ਅਮਰੀਕਾ ਸਮੇਤ ਕੁੱਝ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ਼ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦੋ ਵਿੱਤੀ ਸੰਸਥਾਵਾਂ ਵੀਈਬੀ ਅਤੇ ਰੂਸੀ ਮਿਲਿਟਰੀ ਬੈਂਕ ਦੇ ਖਿਲਾਫ਼ ਪਾਬੰਦੀ ਲਗਾਈ ਗਈ ਹੈ। ਬਾਈਡਨ ਨੇ ਕਿਹਾ ਕਿ ਰੂਸੀ ਅਰਥ-ਵਿਵਸਥਾ ਦੇ ਕੁੱਝ ਹਿੱਸਿਆਂ ਨੂੰ ਅੰਤਰਰਾਸ਼ਟਰੀ ਵਿੱਤੀ ਵਿਵਸਥਾ ਤੋਂ ਹਟਾਇਆ ਜਾ ਰਿਹਾ ਹੈ। ਰੂਸ ਦੇ ਉੱਚ ਵਰਗ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਬਿਡੇਨ ਨੇ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਨਾਲ ਸਾਵਧਾਨੀ ਨਾਲ ਤਾਲਮੇਲ ਬਣਾ ਰਿਹਾ ਹੈ, ਅਤੇ ਅਮਰੀਕਾ ਨੇ ਜੋ ਪਾਬੰਦੀਆਂ ਦਾ ਐਲਾਨ ਕੀਤਾ ਹੈ, ਉਹ ਯੂਰਪੀਅਨ ਦੇਸ਼ਾਂ ਵੱਲੋਂ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਦੇ ਅਨੁਸਾਰ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਰੂਸ ਦੇ ਪੰਜ ਬੈਂਕਾਂ ਅਤੇ ਤਿੰਨ ਅਰਬਪਤੀਆਂ ਦੇ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਹੈ। ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਰੂਸ ਦੇ ਜਿਨ੍ਹਾਂ ਤਿੰਨ ਅਰਬਪਤੀਆਂ ‘ਤੇ ਪਾਬੰਦੀ ਲਗਾਈ ਹੈ, ਬ੍ਰਿਟੇਨ ਵਿੱਚ ਉਨ੍ਹਾਂ ਦੀ ਜਾਇਦਾਦ ਫ੍ਰੀਜ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬ੍ਰਿਟੇਨ ਆਉਣ ਤੋਂ ਰੋਕਿਆ ਜਾਵੇਗਾ। ਬ੍ਰਿਟੇਨ ਵਿੱਚ ਜਿਨ੍ਹਾਂ ਬੈਂਕਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਰੋਸੀਆ, ਆਈਐੱਸ ਬੈਂਕ, ਜਨਰਲ ਬੈਂਕ, ਪ੍ਰਾਮਸਵਿਆਜ਼ ਬੈਂਕ ਅਤੇ ਬਲੈਕ ਸੀ ਬੈਂਕ ਸ਼ਾਮਿਲ ਹਨ। ਜਿਨ੍ਹਾਂ ਤਿੰਨ ਅਰਬਪਤੀ ਸ਼ਖਸੀਅਤਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਵੋ ਗੇਨੇਡੀ ਟਿਮਚੇਂਕੋ, ਬੋਰਿਸ ਰੋਟੇਨਬਰਗ ਅਤੇ ਆਈਗਰ ਰੋਟੇਨਬਰਗ ਹਨ। ਜੌਹਨਸਨ ਦੇ ਐਲਾਨ ਤੋਂ ਬਾਅਦ ਕੁੱਝ ਸੰਸਦ ਮੈਂਬਰਾਂ ਨੇ ਕਿਹਾ ਕਿ ਪਾਬੰਦੀਆਂ ਕਾਫ਼ੀ ਨਹੀਂ ਹਨ, ਤਾਂ ਜੌਹਨਸਨ ਨੇ ਕਿਹਾ ਕਿ ਜੇਕਰ ਸਥਿਤੀ ਹੋਰ ਵਿਗੜਦੀ ਹੈ ਤਾਂ ਨਵੀਆਂ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ।

ਜਰਮਨੀ ਨੇ ਰੂਸ ਦੇ ਨਾਲ ਕੁਦਰਤੀ ਗੈਸ ਪ੍ਰੋਜੈਕਟ ਨਾਰਥ ਸਟ੍ਰੀਮ 2 ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਈਪਲਾਈਨ ਦੇ ਜ਼ਰੀਏ ਜਰਮਨੀ ਰੂਸ ਤੱਕ ਗੈਸ ਪਹੁੰਚਾਉਣ ਵਾਲੀ ਸੀ। ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ-ਚੇਅਰਮੈਨ ਦਿਮਿਤਰੀ ਮੇਦਵੇਦੇਵ ਨੇ ਕਿਹਾ ਕਿ ਜਲਦੀ ਹੀ ਯੂਰੋਪ ਦੇ ਲੋਕਾਂ ਨੂੰ ਕੁਦਰਤੀ ਗੈਸ ਦੇ ਲਈ ਵੱਡੀ ਕੀਮਤ ਚੁਕਾਉਣੀ ਪਵੇਗੀ। ਜਰਮਨੀ ਆਪਣੀ ਊਰਜਾ ਜ਼ਰੂਰਤਾਂ ਦਾ ਕਰੀਬ ਇੱਕ ਚੌਥਾਈ ਹਿੱਸਾ ਕੁਦਰਤੀ ਗੈਸਾਂ ਤੋਂ ਪੂਰਾ ਕਰਦਾ ਹੈ। ਜਰਮਨੀ ਵਿੱਚ ਇਸਤੇਮਾਲ ਹੋ ਰਹੀ ਕੁਦਰਤੀ ਗੈਸ ਦਾ ਅੱਧਾ ਹਿੱਸਾ ਰੂਸ ਵਿੱਚ ਜਾਂਦਾ ਹੈ। ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਆਪਣੇ ਪਹਿਲੇ ਉਪਾਵਾਂ ‘ਤੇ ਸਹਿਮਤੀ ਜਤਾਈ ਹੈ, ਜਿਸ ਵਿੱਚ ਰੂਸ ਦੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਉਦੇਸ਼ ਬਣਾਉਣਾ ਸ਼ਾਮਲ ਹੈ, ਜੋ ਯੂਕਰੇਨ ਲਈ ਸਹਿਮਤ ਹੋਏ ਹਨ। ਰੂਸੀ ਬੈਂਕਾਂ ਅਤੇ ਈਯੂ ਦੇ ਵਿੱਤੀ ਬਾਜ਼ਾਰਾਂ ਤੱਕ ਪਹੁੰਚ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਵੱਲੋਂ “ਯੁੱ ਧ ਸਮੱਗਰੀ ਸਹਾਇਤਾ” ਦੀ ਦੂਜੀ ਡਿਲਵਰੀ ਭੇਜ ਦਿੱਤੀ ਗਈ ਹੈ। ਰੂਸ ‘ਤੇ ਵਿੱਤੀ ਪਾਬੰਦੀਆਂ ਲਗਾਉਣ ਵਿੱਚ ਕੈਨੇਡਾ ਵੀ ਹੁਣ ਪੱਛਮੀ ਸਹਿਯੋਗੀਆਂ ਨਾਲ ਸ਼ਾਮਲ ਹੋ ਗਿਆ ਹੈ ਅਤੇ ਉਸ ਤੋਂ ਕੁੱਝ ਘੰਟਿਆਂ ਬਾਅਦ ਹੀ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਅਮਰੀਕਾ ਯੂਰੋਪ ਦੇ ਕਿਹੜੇ ਹਿੱਸੇ ‘ਚ ਕਰਨ ਜਾ ਰਿਹੈ ਫ਼ੌਜ ਦੀ ਤਾਇਨਾਤੀ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਨਾਟੋ ਦੇਸ਼ਾਂ ਵਿੱਚ ਅਮਰੀਕੀ ਫ਼ੌਜ ਦੀ ਤਾਇਨਾਤ ਕਰਨ ਦਾ ਦਾਅਵਾ ਕੀਤਾ ਹੈ। ਪੈਂਟਾਗਨ ਨੇ ਇਹ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫੌਜ ਬਾਲਟਿਕ ਖੇਤਰ ਵਿੱਚ ਜਾਵੇਗੀ। ਅਮਰੀਕੀ ਰੱਖਿਆ ਵਿਭਾਗ ਨੇ ਦੱਸਿਆ ਕਿ ਕਰੀਬ 800 ਪੈਦਲ ਫ਼ੌਜੀਆਂ ਨੂੰ ਇਟਲੀ ਤੋਂ ਬਾਲਟਿਕ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹ ਨਾਟੋ ਦੇ ਸਾਬਕਾ ਹਿੱਸੇ ਵਿੱਚ ਅੱਠ F – 35 ਲੜਾਕੂ ਜੈੱਟ ਦੀ ਤਾਇਨਾਤੀ ਵੀ ਕਰੇਗਾ। ਸੂਤਰਾਂ ਮੁਤਾਬਕ ਅਮਰੀਕਾ ਬਾਲਟਿਤ ਖੇਤਰ ਅਤੇ ਪੋਲੈਂਡ ਵਿੱਚ 32 ਏਐੱਚ-64 ਲੜਾਕੂ ਹੈਲੀਕਾਪਟਰਾਂ ਨੂੰ ਵੀ ਭੇਜੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਵਿੱਚ ਫ਼ੌਜ ਭੇਜਣ ਦੇ ਆਦੇਸ਼ ਨੂੰ ਜੀਨੀਅਸ ਦੱਸਿਆ ਹੈ।

ਅਮਰੀਕਾ ਯੂਕਰੇਨ ਨੂੰ ਭੇਜੇਗਾ ਹੋਰ ਹਥਿ ਆਰ

ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ਦੇ ਖ਼ਿਲਾਫ਼ ਅਮਰੀਕੀ ਪਾਬੰਦੀਆਂ ਦੀ ਤਾਰੀਫ਼ ਕਰਦਿਆਂ ਇਸਨੂੰ ਪਹਿਲਾਂ ਅਤੇ ਮਜ਼ਬੂਤ ਕਦਮ ਦੱਸਿਆ ਹੈ। ਕੁਲੇਬਾ ਨੇ ਕਿਹਾ ਕਿ ਅਮਰੀਕਾ ਨੇ ਹੋਰ ਜ਼ਿਆਦਾ ਹਥਿ ਆਰ ਦੇਣ ਦੀ ਸਹਾਇਤਾ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕਰੇਨ ਆਪਣੀ ਜ਼ਮੀਨ ‘ਤੇ ਅਮਰੀਕੀ ਫ਼ੌਜੀਆਂ ਨੂੰ ਭੇਜਣ ਅਤੇ ਸਥਿਤੀ ਨੂੰ ਕੰਟਰੋਲ ਕਰਨ ਦੀ ਮੰਗ ਨਹੀਂ ਕਰ ਰਿਹਾ ਹੈ।

ਰੂਸ ਦੇ ਹੱਕ ‘ਚ ਇਹ ਦੇਸ਼ ਆਏ ਸਾਹਮਣੇ

ਅਮਰੀਕਾ ਸਮੇਤ ਪੱਛਮੀ ਦੇਸ਼ ਰੂਸ ਦੀ ਨਿੰਦਾ ਕਰ ਰਹੇ ਹਨ, ਉੱਥੇ ਹੀ ਰੂਸੀ ਰਾਸ਼ਟਰਪਤੀ ਪੁਤਿਨ ਦੇ ਸਮਰਥਨ ‘ਚ ਵੀ ਕੁੱਝ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ। ਕਿਊਬਾ ਦੀ ਕਮਿਊਨਿਸਟ ਸਰਕਾਰ ਨੇ ਪੱਛਮੀ ਦੇਸ਼ਾਂ ‘ਤੇ ਜੰਗ ਦਾ ਪ੍ਰਚਾਰ ਕਰਨ ਅਤੇ ਰੂਸ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਉੱਤਰੀ ਕੋਰੀਆ ਵੀ ਰੂਸ ਨੂੰ ਲੈ ਕੇ ਅਮਰੀਕਾ ‘ਤੇ ਪਹਿਲਾਂ ਹੀ ਦੋਸ਼ ਲਗਾ ਚੁੱਕਾ ਹੈ। ਉੱਤਰੀ ਕੋਰੀਆ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਉਹ ਅਮਰੀਕਾ ਨੂੰ ਅਲੱਗ-ਥਲੱਗ ਕਰਕੇ ਕਮਜ਼ੋਰ ਕਰਨ ਦੀ ਦੁਸ਼ਮਣੀ ਵਾਲੀ ਨੀਤੀ ਅਪਣਾ ਰਿਹਾ ਹੈ। ਉੱਤਰੀ ਕੋਰੀਆ ਨੇ ਇਸ ਨੂੰ ਖਤਮ ਕਰਨ ਲਈ ਕਿਹਾ ਸੀ। ਈਰਾਨੀ ਮੀਡੀਆ ਨੇ ਵੀ ਯੂਕਰੇਨ ਮੁੱਦੇ ‘ਤੇ ਮਾਸਕੋ ਦੀ ਕਾਰਵਾਈ ‘ਤੇ ਹਮਦਰਦੀ ਜਤਾਈ ਹੈ। ਨਿਕਾਰਾਗੁਆ ਅਤੇ ਸੀਰੀਆ ਨੇ ਦੋਨੇਤਸਕ ਤੇ ਲੁਹਾਂਸਕ ਨੂੰ ਮਾਨਤਾ ਦੇਣ ਦੇ ਰੂਸ ਦੇ ਫੈਸਲੇ ਦਾ ਸਮਰਥਨ ਕੀਤਾ ਹੈ।

ਰੂਸ ਨੇ ਯੂਕਰੇਨ ਦੀ ਸੀਮਾ ‘ਤੇ ਵਧਾਈ ਫ਼ੌਜ

ਉੱਧਰ ਅਮਰੀਕਾ ਦੀ ਇੱਕ ਸਪੇਸ ਟੈਕਨਾਲੋਜੀ ਕੰਪਨੀ ਮੈਕਸਰ ਟੈਕਨਾਲੀਜ਼ ਨੇ ਕਈ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੱਛਮੀ ਰੂਸ ਵਿੱਚ ਫ਼ੌਜੀਆਂ ਦੀ ਨਵੀਂ ਤਾਇਨਾਤੀ ਹੋਈ ਹੈ ਅਤੇ ਉਪਕਰਨ ਵੀ ਲਾਏ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 100 ਤੋਂ ਜ਼ਿਆਦਾ ਗੱਡੀਆਂ ਵੀ ਦੱਖਣੀ ਬੇਲਾਰੂਸ ਵਿੱਚ ਦੇਖੀਆਂ ਜਾ ਸਕਦੀਆਂ ਹਨ। ਇਹ ਸਾਰੇ ਇਲਾਕੇ ਯੂਕਰੇਨ ਦੀ ਸੀਮਾ ਦੇ ਕਰੀਬ ਹੈ। ਰੂਸ ਅਤੇ ਬੇਲਾਰੂਸ ਨੇ ਹਾਲ ਹੀ ਦਿਨਾਂ ਵਿੱਚ ਵਿਆਪਕ ਪੱਧਰ ‘ਤੇ ਫ਼ੌਜੀ ਅਭਿਆਸ ਕੀਤੇ ਹਨ। ਪਰ ਕਿਸੇ ਨੇ ਵੀ ਤਾਜ਼ਾ ਤਸਵੀਰਾਂ ‘ਤੇ ਟਿੱਪਣੀ ਨਹੀਂ ਕੀਤੀ ਹੈ।

ਯੂਕਰੇਨ ‘ਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪਿਆਂ ਦਾ ਜਾਣੋ ਹਾਲ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਬਹੁਤ ਸਾਰੇ ਪੰਜਾਬੀ ਵੀ ਪ੍ਰਭਾਵਿਤ ਹੋਏ ਹਨ। ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਹਨ ਅਤੇ ਉਨ੍ਹਾਂ ਦੇ ਮਾਪੇ ਬੱਚਿਆਂ ਦੀ ਸਹੀ ਸਲਾਮਤ ਵਤਨ ਵਾਪਸੀ ਦੀ ਉਮੀਦ ਲਗਾ ਕੇ ਬੈਠੇ ਹਨ। ਭਾਰਤ ਦੇ ਲਗਭਗ 20 ਹਜ਼ਾਰ ਵਿਦਿਆਰਥੀ ਅਤੇ ਨਾਗਰਿਕ ਯੂਕਰੇਨ ਵਿਖੇ ਮੌਜੂਦ ਹਨ। ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉੱਥੇ ਸੜਕਾਂ ‘ਤੇ ਟੈਂਕ ਘੁੰਮ ਰਹੇ ਹਨ, ਫੌਜੀ ਨਜ਼ਰ ਆਉਂਦੇ ਹਨ, ਮਾਹੌਲ ਤਣਾਅਪੂਰਨ ਹੈ ਤੇ ਬੱਚੇ ਡਰੇ ਹੋਏ ਹਨ। ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।”

ਯੂਕਰੇਨ ਵਿੱਚ ਤੀਸਰੇ ਸਾਲ ਦੇ ਐੱਮਬੀਬੀਐੱਸ ਵਿਦਿਆਰਥੀ ਜਤਿਨ ਚੌਹਾਨ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਮਹਾਂਮਾਰੀ ਦੌਰਾਨ ਵਿਗੜੇ ਹਾਲਾਤਾਂ ਤੋਂ ਬਾਅਦ ਉਹ ਭਾਰਤ ਆ ਗਏ ਅਤੇ ਹੁਣ ਆਨਲਾਈਨ ਪੜ੍ਹਾਈ ਕਰ ਰਹੇ ਸਨ। ਇਸੇ ਮਹੀਨੇ ਉਨ੍ਹਾਂ ਨੇ ਵਾਪਸ ਜਾਣਾ ਸੀ ਪਰ ਦੋਹਾਂ ਦੇਸ਼ਾਂ ਦੇ ਵਿਗੜੇ ਸਬੰਧਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਵਾਪਸੀ ਦੀ ਟਿਕਟ ਰੱਦ ਕਰਵਾ ਦਿੱਤੀ ਹੈ। ਜਤਿਨ ਮੁਤਾਬਕ ਉਨ੍ਹਾਂ ਵਾਂਗ ਹੋਰ ਵੀ ਜ਼ਿਲ੍ਹੇ ਦੇ ਕਈ ਵਿਦਿਆਰਥੀ ਹਨ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵਾਪਸ ਨਹੀਂ ਭੇਜ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉੱਥੇ ਮੌਜੂਦ ਉਨ੍ਹਾਂ ਦੇ ਦੋਸਤਾਂ ਨਾਲ ਵੀ ਗੱਲ ਹੁੰਦੀ ਹੈ ਉਹ ਸਾਰੇ ਵਾਪਸ ਆਉਣ ਲਈ ਮਦਦ ਮੰਗ ਰਹੇ ਹਨ।

ਕੈਥਲ ਦੇ ਘਨਸ਼ਾਮ ਰਾਣਾ ਦੇ ਬੇਟੇ ਦੀ ਮੈਡੀਕਲ ਡਿਗਰੀ ਅਗਲੇ ਸਾਲ ਪੂਰੀ ਹੋਣੀ ਹੈ ਅਤੇ ਉਨ੍ਹਾਂ ਦਾ ਬੇਟਾ ਵੀਡੀਓ ਕਾਲ ਰਾਹੀਂ ਹਾਲਾਤਾਂ ਬਾਰੇ ਜਾਣਕਾਰੀ ਦਿੰਦਾ ਹੈ। ਘਨਸ਼ਾਮ ਦੱਸਦੇ ਹਨ, “ਮੇਰੇ ਬੇਟੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਇਹ ਵਿਦਿਆਰਥੀ ਭਾਰਤੀ ਰਾਜਦੂਤ ਦੇ ਸੰਪਰਕ ਵਿੱਚ ਰਹਿਣ। ਸਰਾਫਤਖਾਨੇ ਵੱਲੋਂ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਇਹ ਵਿਦਿਆਰਥੀ ਲੋੜ ਪੈਣ ‘ਤੇ ਸਹਾਇਤਾ ਲੈ ਸਕਣ।”

ਕੁਰੂਕਸ਼ੇਤਰ ਦੇ ਬਲਵਾਨ ਸ਼ਰਮਾ ਦੀ ਬੇਟੀ ਵੀ ਯੂਕਰੇਨ ਵਿੱਚ ਐੱਮਬੀਬੀਐੱਸ ਕਰ ਰਹੀ ਹੈ। ਉਹ ਕਿਹਾ, “ਬੇਟੀ ਨੇ ਦੱਸਿਆ ਕਿ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ ਹੈ ਪਰ ਤਣਾਅਪੂਰਨ ਹਾਲਾਤ ਬਣਨ ਕਰਕੇ ਉਹ ਚਿੰਤਾ ਵਿੱਚ ਹਨ ਅਤੇ ਪੜ੍ਹਾਈ ਨਹੀਂ ਕਰ ਪਾ ਰਹੇ। ਮੇਰੀ ਬੇਟੀ ਦੇਸ਼ ਦੀ ਰਾਜਧਾਨੀ ਕੀਵ ਤੋਂ 15 ਘੰਟੇ ਦੀ ਦੂਰੀ ‘ਤੇ ਰਹਿੰਦੀ ਹੈ। ਕੀਵ ਲਗਭਗ ਬੰਦ ਹੈ ਅਤੇ ਇਸ ਲਈ ਸਾਨੂੰ ਉਸ ਦੀ ਚਿੰਤਾ ਹੈ।”

ਇਨ੍ਹਾਂ ਸਾਰੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਵਤਨ ਵਾਪਸ ਲਿਆਂਦਾ ਜਾਵੇ। ਵੀਜ਼ਾ ਮਾਹਿਰ ਕਾਮਿਨੀ ਆਸ਼ਰੀ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕੀ ਹਰਿਆਣਾ ਦੇ ਕਈ ਵਿਦਿਆਰਥੀ ਯੂਕਰੇਨ ਵਿੱਚ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੇ ਲਗਾਤਾਰ ਫੋਨ ਆ
ਉਂਦੇ ਹਨ। ਉਨ੍ਹਾਂ ਨੇ ਦੱਸਿਆ, “ਇਕੱਲੇ ਜੀਂਦ ਜ਼ਿਲ੍ਹੇ ਦੇ ਹੀ 68 ਵਿਦਿਆਰਥੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਜੇਕਰ ਹਾਲਾਤ ਚਿੰਤਾਜਨਕ ਹਨ ਤਾਂ ਭਾਰਤ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣਾ ਚਾਹੀਦਾ ਹੈ।”

ਹਰਿਆਣਾ ਤੋਂ ਇਲਾਵਾ ਪੰਜਾਬ ਦੇ ਵੀ ਕਈ ਵਿਦਿਆਰਥੀ ਯੂਕਰੇਨ ਵਿਖੇ ਪੜ੍ਹਾਈ ਕਰ ਰਹੇ ਹਨ। ਅਜਿਹੇ ਹੀ ਇਕ ਪਰਿਵਾਰ ਦਾ ਬੇਟਾ ਆਯੂਸ਼ ਗਰਗ ਕੀਵ ਵਿਸ਼ਵਵਿਦਿਆਲੇ ਵਿਖੇ ਚੌਥੇ ਸਾਲ ਦਾ ਵਿਦਿਆਰਥੀ ਹੈ। ਆਯੂਸ਼ ਗਰਗ ਦੇ ਮਾਤਾ ਪਿਤਾ ਰੂਸ ਯੂਕਰੇਨ ਵਿੱਚ ਵਿਗੜੇ ਹਾਲਾਤਾਂ ਤੋਂ ਬਾਅਦ ਆਪਣੇ ਬੇਟੇ ਨੂੰ ਭਾਰਤ ਵਾਪਸ ਆਉਣ ਲਈ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟਿਕਟ ਨਾ ਮਿਲਣ ਕਰਕੇ ਉਨ੍ਹਾਂ ਨੂੰ ਹੋਰ ਵੀ ਚਿੰਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 15 ਫਰਵਰੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਮੀਡੀਆ ਵਿੱਚ ਖ਼ਬਰਾਂ ਸਨ ਕਿ 16 ਫਰਵਰੀ ਤੋਂ ਯੁੱਧ ਹੋ ਸਕਦਾ ਹੈ। ਅਸੀਂ ਇੱਕ ਦਿਨ ਵਿੱਚ ਬੱਚੇ ਨੂੰ ਕਿਵੇਂ ਭਾਰਤ ਬੁਲਾ ਲੈਂਦੇ। ਬੱਚੇ ਦੀ ਚਿੰਤਾ ਵਿੱਚ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ।