‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪਹੁੰਚੇ ਕਿਸਾਨਾ ਲੀਡਰ ਰੁਲਦੂ ਸਿੰਘ ਮਾਨਸਾ ਨੇ 26 ਮਾਰਚ ਨੂੰ ਭਾਰਤ ਬੰਦ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੇ ਭਾਰਤ ਬੰਦ ਨਾਲੋਂ ਅਲੱਗ ਹੋਵੇਗਾ। ਇਸ ਵਿੱਚ ਦੇਸ਼ ਦੀਆਂ ਕਈ ਹੋਰ ਜਥੇਬੰਦੀਆਂ ਵੀ ਕਿਸਾਨਾਂ ਦਾ ਸਾਥ ਦੇਣਗੀਆਂ। ਉਨ੍ਹਾਂ ਕਿਹਾ ਕਿ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ 12 ਘੰਟੇ ਲਈ ਭਾਰਤ ਬੰਦ ਹੋਵੇਗਾ। ਕੱਲ੍ਹ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਆਵਾਜਾਈ ਵੀ ਬੰਦ ਰਹੇਗੀ।
ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਨੀ ਹੈ ਤੇ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੈ। ਭਾਵੇਂ ਉਹ ਬਾਦਲ ਹੋਣ, ਕੇਜਰੀਵਾਲ ਜਾਂ ਕੈਪਟਨ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਧਾ ਵਿਰੋਧ ਭਾਜਪਾ ਨਾਲ ਹੈ ਅਤੇ ਉਹ ਸਾਰਿਆਂ ਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਕੱਲਾ ਭਾਜਪਾ ਦਾ ਹੀ ਡਟ ਕੇ ਵਿਰੋਧ ਕਰਨਾ ਹੈ ਅਤੇ ਹਰ ਕਿਸੇ ਸਿਆਸੀ ਪਾਰਟੀ ਦਾ ਨਾਂਅ ਲੈ ਕੇ ਵਿਰੋਧ ਨਹੀਂ ਕਰਨਾ।
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਉਨ੍ਹਾਂ ਕੋਲ ਹੁਣ ਤਿੰਨ ਰਾਹ ਹਨ। ਪਹਿਲਾ ਅੰਦੋਲਨ ਨੂੰ ਲੰਬਾ ਖਿੱਚ ਸਕਦੇ ਹਨ। ਦੂਜਾ ਸਰਕਾਰ ਨਾਲ ਕੋਈ ਅਟਾ-ਸਟਾ ਕਰ ਲੈਣ ਅਤੇ ਤੀਸਰਾ ਪਿੰਡਾਂ ‘ਚ ਡਾਂਗਾਂ ਲੈ ਕੇ ਬੈਠ ਜਾਈਏ ਅਤੇ ਜੇ ਕੋਈ ਬਿਜਲੀ ਕੁਨੈਕਸ਼ਨ ਕੱਟੇ ਜਾਂ ਪਿੰਡਾਂ ‘ਚ ਵੜੇ ਤਾਂ ਅਸੀਂ ਦੇਖਲਾਂਗੇ।
ਸਾਡਾ ਧਿਆਨ ਕਾਨੂੰਨ ਰੱਦ ਕਰਨ ਵੱਲ ਹੈ। ਅਸੀਂ ਕੋਈ ਨਹੀਂ ਸੋਚਾਂਗੇ ਕਿ ਪੰਜਾਬ ਵਿੱਚ ਕੀ ਰਾਜਨੀਤੀ ਚੱਲ ਰਹੀ ਹੈ। ਰਸਤਾ ਦੋ ਧਿਰਾਂ ਨਾਲ ਨਿਕਲਦਾ ਹੁੰਦਾ ਹੈ, ਇੱਕ ਰਸਤਾ ਸਰਕਾਰ ਕੱਢਦੀ ਹੁੰਦੀ ਹੈ ਪਰ ਅਸੀਂ ਤਾਂ ਦੋਵੇਂ ਧਿਰਾਂ ਹੀ ਪਿੱਛੇ ਹਟਣ ਨੂੰ ਤਿਆਰ ਨਹੀਂ ਹਾਂ। ਅਸੀਂ ਕਹਿੰਦੇ ਹਾਂ ਕਿ ਆੜ੍ਹਤੀਆਂ ਦੇ ਖਾਤਿਆਂ ਵਿੱਚ ਸਾਡੇ ਪੈਸੇ ਜਾਣ, ਆੜ੍ਹਤੀਏ ਸਾਡੇ ਬੈਂਕ ਹਨ, ਸਾਡੇ ਪੈਸੇ ਕਿਧਰੇ ਨਹੀਂ ਜਾਂਦੇ। ਮੈਂ ਪਹਿਲਾਂ ਆਪ ਪੰਜਾਬ ਵਿੱਚ ਆੜ੍ਹਤੀਆਂ ਦਾ ਵਿਰੋਧੀ ਰਿਹਾ ਹਾਂ ਪਰ ਜਦੋਂ ਲੜਾਈ ਵੱਡੇ ਦੁਸ਼ਮਣ ਨਾਲ ਹੋ ਜਾਵੇ ਤਾਂ ਫਿਰ ਦੂਜਿਆਂ ਨੂੰ ਭਾਈ ਬਣਾ ਲੈਣਾ ਚਾਹੀਦਾ ਹੈ।
ਰੁਲਦੂ ਸਿੰਘ ਮਾਨਸਾ ਨੇ ਕਰੋਨਾਵਿਰਸ ਮਹਾਂਮਾਰੀ ਬਾਰੇ ਬੋਲਦਿਆਂ ਕਿਹਾ ਕਿ ‘ਸਰਕਾਰ ਨੇ ਪਿਛਲੇ ਸਾਲ ਤੋਂ ਹੀ ਇੱਕ ਬਿਮਾਰੀ ਲਿਆਂਦੀ ਹੈ। ਸਾਨੂੰ ਪਹਿਲਾਂ ਵੀ ਖੰਘ, ਜ਼ੁਕਾਮ ਹੁੰਦਾ ਰਿਹਾ ਹੈ ਪਰ ਇਸ ਵਾਰ ਸਰਕਾਰ ਸਾਨੂੰ ਡਰਾ ਰਹੀ ਹੈ। ਇੱਕ ਦੇਸ਼ ਨੇ ਸੋਚਿਆ ਹੈ ਕਿ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਣ ਜਾਂ ਨਾ ਮਿਲਣ, ਪਰ ਮੇਰੇ ਕੋਲ ਪਰਮਾਣੂ ਬੰਬ ਜ਼ਰੂਰ ਚਾਹੀਦਾ ਹੈ। ”
ਮੋਦੀ ਸਰਕਾਰ ਨੇ ਕਰੋਨਾ ਲਈ ਕਈ ਇੰਤਜ਼ਾਮ ਨਹੀਂ ਕੀਤਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਰੋਨਾ ਛੁੱਟੀ ਕੱਟ ਕੇ ਆਇਆ ਹੈ। ਬੰਦੇ ਪ੍ਰਦੂਸ਼ਣ ਨਾਲ ਮਰਨਗੇ, ਬਿਮਾਰੀ ਨਾਲ ਨਹੀਂ ਮਰਨਗੇ। ਪਰ ਸਰਕਾਰ ਬਿਮਾਰੀ ਨਾਲ ਮਰਨ ਦਾ ਬਹਾਨਾ ਲਗਾਵੇਗੀ। ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਕਰੋਨਾ ਨਾਲ ਬੰਦੇ ਨਹੀਂ ਮਰਨਗੇ, ਪ੍ਰਦੂਸ਼ਣ ਨਾਲ ਮਰਨਗੇ।
ਮੈਂ ਪੰਜਾਬ ਦੀ ਪੰਚਾਇਤਾਂ ਅਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਧੰਨਵਾਦ ਕਰਦਾ ਹਾਂ। ਕਿਸਾਨਾਂ ਨੇ ਦਿੱਲੀ ‘ਚ ਪਹਿਲਾਂ ਠੰਡ ਦਾ ਇੰਤਜ਼ਾਮ ਕੀਤਾ ਸੀ ਅਤੇ ਹੁਣ ਮੱਛਰਾਂ ਤੋਂ ਬਚਾਅ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਦਿੱਲੀ ਮੱਛਰ ਬਹੁਤ ਹੈ। ਇੱਕ ਕਿਸਾਨ ਨੇ ਇੱਕ ਟਰਾਲੀ ਮੱਛਰਦਾਨੀਆਂ ਦੀ ਦਿੱਲੀ ਭੇਜੀ ਹੈ।
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ “ਲੱਖਾ ਸਿਧਾਣਾ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ। ਕਿਸਾਨ ਜਥੇਬੰਦੀਆਂ ਨੇ ਮੀਟਿੰਗ ‘ਚ ਫੈਸਲਾ ਕਰ ਲਿਆ ਹੈ ਕਿ ਲੱਖਾ ਸਿਧਾਣਾ ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲੇਗਾ ਪਰ ਉਹ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਸਨੂੰ ਕੋਈ ਵੀ ਫੜ ਨੀ ਸਕਦਾ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨਾਲ ਲੱਖੇ ਦਾ ਕੋਈ ਸਬੰਧ ਨਹੀਂ ਹੈ।
Comments are closed.