‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੋਗਾ ਵਿਖੇ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਆਏ ਸੁਖਬੀਰ ਸਿੰਘ ਬਾਦਲ ਤੋਂ ਸੁਆਲ ਪੁੱਛਣ ਲਈ ਇਕੱਤਰ ਹੋਏ ਕਿਸਾਨਾਂ ਉਤੇ ਪੰਜਾਬ ਪੁਲੀਸ ਦੇ ਲਾਠੀਚਾਰਜ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਆਪਣੀ ਸੁਰੱਖਿਆ ਲਈ ਮਿਲੇ ਸਰਕਾਰੀ ਗੰਨਮੈਨ ਮੋੜ ਦਿੱਤੇ ਹਨ।

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬੇਸ਼ੱਕ ਉਹ ਪਹਿਲਾਂ ਵੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸਨ ਅਤੇ ਪੁਲਿਸ ਵਲੋਂ ਜ਼ੋਰ ਦੇਣ ਉੱਤੇ ਵੀ ਲਿਖਤੀ ਤੌਰ ‘ਤੇ ਗੰਨਮੈਨ ਲੈਣ ਤੋਂ ਮਨ੍ਹਾਂ ਕੀਤਾ ਸੀ, ਪਰ ਕਿਸਾਨ ਲੀਡਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਉਪਰੋਂ ਆਈਆਂ ਹਿਦਾਇਤਾਂ ਦੇ ਕਾਰਨ ਉਨ੍ਹਾਂ ਗੰਨਮੈਨ ਲੈਣਾ ਪ੍ਰਵਾਨ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਮੋਗੇ ਵਿਖੇ ਕਿਸਾਨਾਂ ਉਤੇ ਹੋਏ ਤਸ਼ੱਦਦ ਤੋਂ ਇਕ ਵਾਰ ਮੁੜ ਪ੍ਰਤੱਖ ਹੋ ਗਿਆ ਹੈ ਕਿ ਕੈਪਟਨ ਸਰਕਾਰ ਵਾਂਗ ਸਰਮਾਏਦਾਰ ਸਰਕਾਰਾਂ, ਕਿਸਾਨ ਹਿਤੈਸ਼ੀ ਹੋਣ ਦਾ ਕਿੰਨਾ ਵੀ ਵਿਖਾਵਾ ਕਿਉਂ ਨਾ ਕਰਨ, ਪਰ ਹੁਕਮਰਾਨ ਜਮਾਤ ਦੀਆਂ ਸਾਰੀਆਂ ਸੱਤਾਧਾਰੀ ਪਾਰਟੀਆਂ– ਬੀਜੇਪੀ ਤੇ ਮੋਦੀ ਸਰਕਾਰ ਵਾਂਗ ਕਾਰਪੋਰੇਟ ਕੰਪਨੀਆਂ ਦੀਆਂ ਪਿੱਠੂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਘੋਰ ਦੋਖੀ ਹਨ।


ਉਨ੍ਹਾਂ ਕਿਹਾ ਕਿ ‌ਮੋਗੇ ਦੀ ਘਟਨਾ ਤੋਂ ਬਾਅਦ ਇਹ ਸਾਬਿਤ ਹੋ ਗਿਆ ਹੈ ਕਿ ਵਾਰੋ ਵਾਰੀ ਪੰਜਾਬ ਦੀ ਸੱਤਾ ਭੋਗਣ ਲਈ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਅੰਦਰਖਾਤੇ ਮਿਲੀਭੁਗਤ ਨਾਲ ਸਿਆਸਤ ਕਰ ਰਹੇ ਹਨ।ਕਿਸਾਨ ਲੀਡਰ ਨੇ ਦੱਸਿਆ ਕਿ ਮੋਗਾ ਕਾਂਡ ਦੀ ਜਾਣਕਾਰੀ ਮਿਲਣ ‘ਤੇ ਬੀਤੇ ਕੱਲ ਮਾਨਸਾ ਵਾਪਸ ਪਰਤਣ ਸਾਰ ਮੈਂ ਦੇਰ ਸ਼ਾਮ ਐਸ ਐਸ ਪੀ ਮਾਨਸਾ ਨਾਲ ਮੁਲਾਕਾਤ ਕਰਕੇ ਅਪਣੇ ਇਸ ਫੈਸਲੇ ਬਾਰੇ ਉਨਾਂ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ‘ਤੇ ਹੀ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ ।

Leave a Reply

Your email address will not be published. Required fields are marked *