ਜਲੰਧਰ ਨਗਰ ਨਿਗਮ ਹਾਊਸ ’ਚ ਪੇਸ਼ ਕੀਤਾ ਗਿਆ ਪ੍ਰਸਤਾਵ ਨੰਬਰ 99 ਭਾਰੀ ਵਿਵਾਦ ਦੀ ਲਪੇਟ ’ਚ ਆ ਗਿਆ ਹੈ। ਇਹ ਪ੍ਰਸਤਾਵ 11 ਜੂਨ 2025 ਨੂੰ ਬਰਲਟਨ ਪਾਰਕ ’ਚ 77 ਕਰੋੜ ਰੁਪਏ ਦੇ ਸਪੋਰਟਸ ਹੱਬ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਸਮਾਰੋਹ ’ਤੇ ਹੋਏ ਖਰਚੇ ਨਾਲ ਸਬੰਧਤ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਾਲੇ ਇਸ ਸਮਾਗਮ ਦਾ ਕੁੱਲ ਬਿੱਲ 1 ਕਰੋੜ 75 ਲੱਖ 40 ਹਜ਼ਾਰ 776 ਰੁਪਏ ਬਣਿਆ, ਜਿਸ ’ਚੋਂ 31 ਲੱਖ 73 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਬਾਕੀ 1 ਕਰੋੜ 43 ਲੱਖ ਤੋਂ ਵੱਧ ਦੀ ਅਦਾਇਗੀ ਲਈ ਹੁਣ ਨਿਗਮ ਹਾਊਸ ਤੋਂ ਮਨਜ਼ੂਰੀ ਮੰਗੀ ਗਈ ਹੈ।
ਖਰਚੇ ਦੀ ਵੇਰਵਾ ਵੇਖ ਕੇ ਵਿਰੋਧੀ ਤੇ ਕੌਂਸਲਰ ਹੈਰਾਨ ਰਹਿ ਗਏ:
- ਫਨ ਈਵੈਂਟਸ ਕੰਪਨੀ ਦਾ ਬਿੱਲ: 1 ਕਰੋੜ 12 ਲੱਖ 28 ਹਜ਼ਾਰ
- ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੂੰ: 8 ਲੱਖ 26 ਹਜ਼ਾਰ (GST ਸਮੇਤ)
- ਮਹਿਮਾਨਾਂ ਲਈ ਖਾਣਾ: 16 ਲੱਖ ਰੁਪਏ
- ਪੰਜਾਬ ਰੋਡਵੇਜ਼ ਬੱਸਾਂ ਰਾਹੀਂ ਲੋਕ ਲਿਆਉਣ ’ਤੇ: 5.9 ਲੱਖ
- BSNL ਇੰਟਰਨੈੱਟ ਲਾਈਵ ਕਵਰੇਜ ਲਈ: 1 ਲੱਖ 75 ਹਜ਼ਾਰ (ਜਦਕਿ ਏਅਰਟੈੱਲ ਦਾ ਬਿੱਲ ਸਿਰਫ਼ 3,500 ਰੁਪਏ)
ਭਾਜਪਾ ਨੇ ਸਦਨ ’ਚ ਭਾਰੀ ਹੰਗਾਮਾ ਕੀਤਾ। ਆਗੂ ਕੇਡੀ ਭੰਡਾਰੀ ਤੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ “ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਵੀ ਸਮਾਗਮ ਕਰਵਾਏ, ਪਰ ਉਨ੍ਹਾਂ ਦਾ ਖਰਚਾ ਵੀ ਇੰਨਾ ਨਹੀਂ ਸੀ।” ਉਨ੍ਹਾਂ ਨੇ ਸਾਰੇ ਬਿੱਲਾਂ ਤੇ ਏਜੰਸੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ “ਇਹ ਜਲੰਧਰ ਵਾਸੀਆਂ ਦੇ ਟੈਕਸਾਂ ਦੀ ਖੁੱਲ੍ਹੀ ਲੁੱਟ ਹੈ।”
ਸਰਕਾਰ ਨੇ ਸਪੱਸ਼ਟ ਕੀਤਾ ਕਿ ਬਰਲਟਨ ਪਾਰਕ ਸਪੋਰਟਸ ਹੱਬ ਸਮਾਰਟ ਸਿਟੀ ਪ੍ਰੋਜੈਕਟ ਦਾ ਹਿੱਸਾ ਹੈ ਤੇ ਇਸ ਦਾ CEO ਨਿਗਮ ਕਮਿਸ਼ਨਰ ਹੀ ਹੈ, ਇਸ ਲਈ ਸਾਰਾ ਖਰਚਾ ਜਲੰਧਰ ਨਗਰ ਨਿਗਮ ਨੂੰ ਹੀ ਚੁੱਕਣਾ ਪਵੇਗਾ। ਪਹਿਲਾਂ ਸਰਕਾਰ ਤੋਂ ਪੈਸੇ ਮੰਗੇ ਗਏ ਸਨ ਪਰ ਸਥਾਨਕ ਸਰਕਾਰ ਵਿਭਾਗ ਨੇ ਸਾਫ਼ ਇਨਕਾਰ ਕਰ ਦਿੱਤਾ।
ਖਰੀਦ ਕਮੇਟੀ ਨੇ ਸਾਰੇ ਬਿੱਲਾਂ ਨੂੰ ਜਾਂਚ ਕੇ ਮਨਜ਼ੂਰ ਕਰ ਦਿੱਤਾ ਹੈ ਤੇ ਹੁਣ ਸਦਨ ਤੋਂ ਅੰਤਿਮ ਮੋਹਰ ਲਵਾਈ ਜਾ ਰਹੀ ਹੈ। ਭਾਜਪਾ ਨੇ ਪ੍ਰਸਤਾਵ ਪਾਸ ਨਾ ਹੋਣ ਦੀ ਧਮਕੀ ਦਿੱਤੀ ਹੈ ਤੇ ਮਾਮਲਾ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ।

