ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਪਿਛਲੇ 14 ਮਹੀਨਿਆਂ ਵਿੱਚ ਚਾਹ ਅਤੇ ਸਨੈਕਸ ’ਤੇ 31 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ। ਇਸ ਗੱਲ ਦਾ ਖ਼ੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ਵਿੱਚ ਹੋਇਆ ਹੈ। ਜਿਸ ਮੁਤਾਬਕ ਮਾਰਚ 2022 ਲਈ ਚਾਹ ਅਤੇ ਸਨੈਕਸ ਦਾ ਬਿੱਲ 3.38 ਲੱਖ ਰੁਪਏ ਸੀ।
ਮਾਰਚ ਤੋਂ ਬਾਅਦ ਅਪ੍ਰੈਲ 2022 ਵਿਚ 2 ਲੱਖ 73 ਹਜ਼ਾਰ 788 ਰੁਪਏ, ਮਈ ਵਿਚ 3 ਲੱਖ 55 ਹਜ਼ਾਰ 795 ਰੁਪਏ, ਜੂਨ ਵਿਚ 3 ਲੱਖ 25 ਹਜ਼ਾਰ 248 ਰੁਪਏ, ਜੁਲਾਈ ਵਿਚ ਦੋ ਲੱਖ 58 ਹਜ਼ਾਰ 347, ਅਗਸਤ, ਸਤੰਬਰ ਅਤੇ ਅਕਤੂਬਰ ਵਿਚ ਦੋ ਲੱਖ 33 ਹਜ਼ਾਰ 305 ਰੁਪਏ ਕ੍ਰਮਵਾਰ ਦੋ ਲੱਖ 82 ਹਜ਼ਾਰ 347 ਅਤੇ ਇੱਕ ਲੱਖ 64 ਹਜ਼ਾਰ 573 ਰੁਪਏ, ਨਵੰਬਰ ਵਿੱਚ ਇੱਕ ਲੱਖ 39 ਹਜ਼ਾਰ 630, ਦਸੰਬਰ ਵਿੱਚ ਇੱਕ ਲੱਖ 54 ਹਜ਼ਾਰ 594 ਰੁਪਏ ਖ਼ਰਚ ਕੀਤੇ ਗਏ।
ਜਦੋਂ ਕਿ ਜਨਵਰੀ 2023 ਵਿੱਚ ਇੱਕ ਲੱਖ 56 ਹਜ਼ਾਰ 720, ਫਰਵਰੀ ਵਿੱਚ ਇੱਕ ਲੱਖ 62 ਹਜ਼ਾਰ 183, ਮਾਰਚ ਵਿੱਚ ਇੱਕ ਲੱਖ 73 ਹਜ਼ਾਰ 208 ਅਤੇ ਅਪ੍ਰੈਲ ਵਿੱਚ ਇੱਕ ਲੱਖ 24 ਹਜ਼ਾਰ 451 ਰੁਪਏ ਖ਼ਰਚ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖਾਣਾ ਵੀ ਵਿਵਾਦਾਂ ‘ਚ ਘਿਰਿਆ ਸੀ।
ਸਿਰਫ਼ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣੇ ਚੰਨੀ ਨੇ ਕਰੀਬ 60 ਲੱਖ ਰੁਪਏ ਦਾ ਖਾਣਾ ਖਾਧਾ ਸੀ। ਕਦੇ 300 ਰੁਪਏ ਦੀ ਥਾਲ਼ੀ ਤੇ ਕਦੇ 500 ਰੁਪਏ ਚੰਨੀ ਦੇ ਘਰ ਆ ਜਾਂਦੀ ਸੀ। ਤਾਜ ਹੋਟਲ ਤੋਂ 3900 ਰੁਪਏ ਤੱਕ ਦੀਆਂ ਪਲੇਟਾਂ ਵੀ ਮੰਗਵਾਈਆਂ ਗਈਆਂ। ਇਹ ਖ਼ੁਲਾਸਾ ਉਸ ਸਮੇਂ ਇੱਕ ਆਰਟੀਆਈ ਰਾਹੀਂ ਵੀ ਹੋਇਆ ਸੀ।