India

ਚੀਨ ਸਮੇਤ ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ

‘ਦ ਖ਼ਾਲਸ ਬਿਊਰੋ : ਵਿਸ਼ਵ ਪੱਧਰ ‘ਤੇ ਵਧਦੇ ਕੋਰੋਨਾ ਵਾਇਰਸ (Coronavirus Outberak)ਦੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂ ਸਰਕਾਰ ਨੇ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਲਈ ਟੈਸਟ ਆਰਟੀਪੀਸੀਆਰ ਲਾਜ਼ਮੀ ਕਰ ਦਿੱਤਾ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਾਪਾਨ, ਹਾਂਗਕਾਂਗ, ਬੈਂਕਾਕ ਅਤੇ ਦੱਖਣੀ ਕੋਰੀਆ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਲਾਜ਼ਮੀ ਤੌਰ ‘ਤੇ ਹੋਵੇਗਾ। ਜੇਕਰ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕਿਸੇ ਯਾਤਰੀ ਵਿੱਚ ਕੋਵਿਡ -19 ਦੇ ਲੱਛਣ ਪਾਏ ਜਾਂਦੇ ਹਨ ਜਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।

ਮਨਸੁਖ ਮੰਡਾਵੀਆ ਨੇ ਕਿਹਾ ਕਿ ਅਸੀਂ ਇਸ ਨੂੰ ਲਾਗੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਗੱਲ ਕਰ ਰਹੇ ਹਾਂ, ਜਲਦੀ ਹੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਹਵਾਈ ਸੁਵਿਧਾ ਫਾਰਮ ਦੁਬਾਰਾ ਭਰਨਾ ਲਾਜ਼ਮੀ ਕਰ ਦਿੱਤਾ ਹੈ।

ਉਨ੍ਹਾਂ ਨੂੰ ਇਹ ਫਾਰਮ ਭਰ ਕੇ ਆਪਣੀ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਪਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਚੀਨ ਅਤੇ ਹੋਰ ਦੇਸ਼ਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਲਾਪਰਵਾਹੀ ਦੇ ਵਿਰੁੱਧ ਚੇਤਾਵਨੀ ਦਿੱਤੀ ਅਤੇ ਸਖਤ ਚੌਕਸੀ ਰੱਖਣ ਲਈ ਕਿਹਾ। ਉਨ੍ਹਾਂ  ਨੇ ਹਦਾਇਤ ਕੀਤੀ ਕਿ ਚੱਲ ਰਹੇ ਨਿਗਰਾਨੀ ਉਪਾਵਾਂ, ਖਾਸ ਤੌਰ ‘ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਲਾਗੂ ਕੀਤੇ ਜਾਣ ਵਾਲੇ ਉਪਾਵਾਂ ਨੂੰ ਮਜ਼ਬੂਤ ​​ਕੀਤਾ ਜਾਵੇ।

ਕੇਂਦਰੀ ਸਿਹਤ ਮੰਤਰਾਲੇ ਨੇ ਪਹਿਲਾਂ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਸ਼ਨੀਵਾਰ ਤੋਂ ਹਰ ਅੰਤਰਰਾਸ਼ਟਰੀ ਉਡਾਣ ਤੋਂ ਭਾਰਤ ਆਉਣ ਵਾਲੇ 2 ਪ੍ਰਤੀਸ਼ਤ ਯਾਤਰੀਆਂ ਦੇ ਬੇਤਰਤੀਬੇ ਨਮੂਨੇ ਲੈਣ ਨੂੰ ਯਕੀਨੀ ਬਣਾਉਣ, ਜਿਸ ਨਾਲ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕਿਸੇ ਵੀ ਨਵੇਂ ਰੂਪ ਦੇ ਆਉਣ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।