ਸ਼ਿਲਾਂਗ : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ(Mohan Bhagwat) ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਮਾਮਲੇ ਵਿਚ ਹਿੰਦੂ ਹਨ। ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਆਰਐਸਐਸ ਦੇ ਫਲਸਫੇ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਹਿੰਦੂ ਧਰਮ ਕੋਈ ਧਰਮ ਨਹੀਂ ਹੈ, ਸਗੋਂ ਜੀਵਨ ਜਾਚ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਮੇਘਾਲਿਆ ਦੇ ਸ਼ਿਲਾਂਗ ‘ਚ ਵਿਸ਼ਿਸ਼ਟ ਨਾਗਰਿਕ ਸੰਮੇਲਨ ਨੂੰ ਸੰਬੋਧਿਤ ਕੀਤਾ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਿਮਾਲਿਆ ਦੇ ਦੱਖਣ, ਹਿੰਦ ਮਹਾਸਾਗਰ ਦੇ ਉੱਤਰ ਅਤੇ ਸਿੰਧੂ ਨਦੀ ਦੇ ਕਿਨਾਰਿਆਂ ਦੇ ਵਸਨੀਕਾਂ ਨੂੰ ਰਵਾਇਤੀ ਤੌਰ ‘ਤੇ ਹਿੰਦੂ ਕਿਹਾ ਜਾਂਦਾ ਹੈ। ਇਸਲਾਮ ਫੈਲਾਉਣ ਵਾਲੇ ਮੁਗਲਾਂ ਅਤੇ ਈਸਾਈ ਧਰਮ ਨੂੰ ਫੈਲਾਉਣ ਵਾਲੇ ਬ੍ਰਿਟਿਸ਼ ਸ਼ਾਸਕਾਂ ਤੋਂ ਪਹਿਲਾਂ ਵੀ ਹਿੰਦੂ ਮੌਜੂਦ ਸਨ। ਹਿੰਦੂ ਧਰਮ ਕੋਈ ਧਰਮ ਨਹੀਂ, ਸਗੋਂ ਜੀਵਨ ਜਾਚ ਹੈ।
ਆਰਐਸਐਸ ਮੁਖੀ ਨੇ ਕਿਹਾ, ਹਿੰਦੂ ਸ਼ਬਦ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕਰਦਾ ਹੈ ਜੋ ਭਾਰਤ ਮਾਤਾ ਦੇ ਪੁੱਤਰ ਹਨ, ਭਾਰਤੀ ਪੂਰਵਜਾਂ ਦੇ ਵੰਸ਼ਜ ਹਨ ਅਤੇ ਜੋ ਭਾਰਤੀ ਸੰਸਕ੍ਰਿਤੀ ਅਨੁਸਾਰ ਰਹਿੰਦੇ ਹਨ। ਹਿੰਦੂ ਬਣਨ ਲਈ ਕਿਸੇ ਨੂੰ ਧਰਮ ਬਦਲਣ ਦੀ ਲੋੜ ਨਹੀਂ ਕਿਉਂਕਿ ਭਾਰਤ ਵਿੱਚ ਹਰ ਕੋਈ ਹਿੰਦੂ ਹੈ। ਅਸੀਂ ਹਿੰਦੂ ਹਾਂ, ਪਰ ਹਿੰਦੂ ਦੀ ਕੋਈ ਖਾਸ ਪਰਿਭਾਸ਼ਾ ਨਹੀਂ, ਇਹ ਸਾਡੀ ਪਛਾਣ ਹੈ। ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨਾਰਥੀ ਸ਼ਬਦ ਹਨ। ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਲਿਹਾਜ਼ ਨਾਲ ਹਿੰਦੂ ਹਨ। ਇਹ ਇੱਕ ਭੂ-ਸੱਭਿਆਚਾਰਕ ਪਛਾਣ ਹੈ। ਭਾਰਤ ਕੋਈ ਪੱਛਮੀ ਸੰਕਲਪ ਵਾਲਾ ਦੇਸ਼ ਨਹੀਂ ਹੈ। ਇਹ ਪੁਰਾਣੇ ਸਮੇਂ ਤੋਂ ਇੱਕ ਸੱਭਿਆਚਾਰਕ ਦੇਸ਼ ਰਿਹਾ ਹੈ। ਦਰਅਸਲ ਇਹ ਉਹ ਦੇਸ਼ ਹੈ ਜਿਸ ਨੇ ਦੁਨੀਆ ਨੂੰ ਇਨਸਾਨੀਅਤ ਦਾ ਸਬਕ ਸਿਖਾਇਆ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕਿਹਾ, ‘ਭਾਰਤ ਦੀ ਏਕਤਾ ਇਸ ਦੀ ਤਾਕਤ ਹੈ। ਭਾਰਤ ਜਿਸ ਵਿਭਿੰਨਤਾ ਦਾ ਦਾਅਵਾ ਕਰਦਾ ਹੈ, ਉਹ ਮਾਣ ਵਾਲੀ ਗੱਲ ਹੈ। ਇਹ ਭਾਰਤ ਦੀ ਵਿਸ਼ੇਸ਼ਤਾ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ। ਅਸੀਂ ਹਮੇਸ਼ਾ ਇੱਕ ਰਹੇ ਹਾਂ। ਜਦੋਂ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪਣੀ ਆਜ਼ਾਦੀ ਗੁਆ ਲੈਂਦੇ ਹਾਂ। ਇਸ ਲਈ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇੱਕ ਹੋਈਏ ਅਤੇ ਆਪਣੇ ਦੇਸ਼ ਨੂੰ ਮਜ਼ਬੂਤ ਅਤੇ ਵਧੇਰੇ ਆਤਮ-ਨਿਰਭਰ ਬਣਾਈਏ। ਸਾਨੂੰ ਸਾਰਿਆਂ ਨੂੰ ਇਸ ਏਕਤਾ ਲਈ ਕੰਮ ਕਰਨਾ ਪਵੇਗਾ। ਭਾਰਤ ਆਦਿ ਕਾਲ ਤੋਂ ਇੱਕ ਪ੍ਰਾਚੀਨ ਰਾਸ਼ਟਰ ਹੈ। ਭਾਰਤ ਨੇ ਆਪਣੀ ਆਜ਼ਾਦੀ ਗੁਆ ਲਈ ਕਿਉਂਕਿ ਇੱਥੋਂ ਦੇ ਲੋਕ ਸਭਿਅਤਾ ਦੇ ਆਦਰਸ਼ ਅਤੇ ਕਦਰਾਂ-ਕੀਮਤਾਂ ਨੂੰ ਭੁੱਲ ਗਏ ਸਨ।’
ਭਾਗਵਤ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਇੱਥੇ ਸੰਘ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਕਈ ਬੈਠਕਾਂ ‘ਚ ਸ਼ਿਰਕਤ ਕੀਤੀ। ਮੇਘਾਲਿਆ ਇੱਕ ਈਸਾਈ ਬਹੁ-ਗਿਣਤੀ ਵਾਲਾ ਰਾਜ ਹੈ। ਇਸ ਲਈ ਆਰਐਸਐਸ ਮੁਖੀ ਦਾ ਦੌਰਾ ਸਭ ਤੋਂ ਵੱਧ ਮਹੱਤਵਪੂਰਨ ਹੈ, ਕਿਉਂਕਿ ਇੱਥੇ ਅਗਲੇ ਸਾਲ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਗਵਤ ਦੀ ਫੇਰੀ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਲਗਾਤਾਰ ਮੁਸਲਿਮ ਬੁੱਧੀਜੀਵੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਹਾਲ ਹੀ ‘ਚ ਉਹ ਇਮਾਮਾਂ ਨੂੰ ਮਿਲਣ ਲਈ ਮਸਜਿਦ ਵੀ ਗਏ ਅਤੇ ਮਦਰੱਸੇ ‘ਚ ਜਾ ਕੇ ਬੱਚਿਆਂ ਨੂੰ ਮਿਲੇ। ਉਨ੍ਹਾਂ ਨੇ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ‘ਤੇ ਸਥਿਤ ਮਸਜਿਦ ਅਤੇ ਆਜ਼ਾਦਪੁਰ ‘ਚ ਮਦਰੱਸਾ ਤਾਜਵੀਦੁਲ ਕੁਰਾਨ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਇਮਾਮ ਸੰਗਠਨ ਦੇ ਮੁੱਖ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ।