Punjab

ਮੋਗਾ ਦੇ ਦਿਹਾੜੀਦਾਰ ਮਜ਼ਦੂਰ ਨੂੰ ਵੱਡਾ ਝਟਕਾ, GST ਵਿਭਾਗ ਵੱਲੋਂ 35 ਕਰੋੜ ਦਾ ਨੋਟਿਸ ਜਾਰੀ

ਬਿਊਰੋ ਰਿਪੋਰਟ (ਮੋਗਾ, 15 ਨਵੰਬਰ 2025): ਸ਼ਨਾਖਤੀ ਚੋਰੀ (Identity Theft) ਅਤੇ ਜੀਐੱਸਟੀ ਧੋਖਾਧੜੀ ਦੇ ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ, ਮੋਗਾ ਦੇ ਬੋਹਨਾ ਚੌਕ ਦੇ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਜੀਐੱਸਟੀ ਵਿਭਾਗ ਵੱਲੋਂ 35 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ, ਜਿਸ ਕਾਰਨ ਉਸ ਦਾ ਪਰਿਵਾਰ ਹੈਰਾਨ ਅਤੇ ਡਰਿਆ ਹੋਇਆ ਹੈ। ਰੋਜ਼ਾਨਾ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਅਜਮੇਰ ਸਿੰਘ ਨੇ ਕਿਹਾ ਕਿ ਉਸ ਨੂੰ ਕੋਈ ਅੰਦਾਜ਼ਾ ਨਹੀਂ ਕਿ ਇੰਨੀ ਵੱਡੀ ਰਕਮ ਉਸ ਨਾਲ ਕਿਵੇਂ ਜੋੜੀ ਗਈ।

ਅਜਮੇਰ ਸਿੰਘ ਅਨੁਸਾਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਲ 2022 ਵਿੱਚ, ਉਸ ਨੂੰ 21 ਲੱਖ ਰੁਪਏ ਦਾ ਜੀਐੱਸਟੀ ਨੋਟਿਸ ਮਿਲਿਆ ਸੀ। ਉਸ ਸਮੇਂ ਉਸ ਨੇ ਜੀਐੱਸਟੀ ਦਫ਼ਤਰ ਜਾ ਕੇ ਜਾਂਚ ਦੀ ਬੇਨਤੀ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ, ਦੋ ਸਾਲਾਂ ਬਾਅਦ, ਉਸ ਨੂੰ 35 ਕਰੋੜ ਰੁਪਏ ਦਾ ਹੋਰ ਵੀ ਵੱਡਾ ਨੋਟਿਸ ਮਿਲਿਆ ਹੈ।

ਨੋਟਿਸ ਤੋਂ ਹੈਰਾਨ ਹੋਏ ਅਜਮੇਰ ਸਿੰਘ ਸਪੱਸ਼ਟੀਕਰਨ ਲਈ ਲੁਧਿਆਣਾ ਜੀਐੱਸਟੀ ਦਫ਼ਤਰ ਗਏ। ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਆਧਾਰ ਅਤੇ ਪੈਨ ਵੇਰਵਿਆਂ ਦੀ ਵਰਤੋਂ ਕਰਕੇ ਇੱਕ ਫ਼ਰਜ਼ੀ ਕੰਪਨੀ, ਸੀ ਕੇ ਇੰਟਰਨੈਸ਼ਨਲ (Cee Kay International) ਰਜਿਸਟਰ ਕੀਤੀ ਗਈ ਸੀ। ਇਹ ਕੰਪਨੀ ਗਿੱਲ ਰੋਡ, ਲੁਧਿਆਣਾ ਦੇ ਉਦਯੋਗਿਕ ਖੇਤਰ ਵਿੱਚ ਕੰਮ ਕਰਦੀ ਦਿਖਾਈ ਗਈ ਸੀ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੇ ਨਾਂ ’ਤੇ ਜੀਐੱਸਟੀ ਨੰਬਰ ਜਾਰੀ ਕੀਤਾ ਗਿਆ ਅਤੇ ਉਸ ਦੀ ਜਾਣਕਾਰੀ ਤੋਂ ਬਿਨਾਂ ਕਰੋੜਾਂ ਦੇ ਲੈਣ-ਦੇਣ ਕੀਤੇ ਗਏ।

ਅਜਮੇਰ ਨੇ ਸ਼ੱਕ ਜਤਾਇਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਰਾਸ਼ਨ ਵੰਡਣ ਲਈ ਇੱਕ ਸੰਸਥਾ ਨੇ ਆਧਾਰ ਕਾਰਡ ਇਕੱਠੇ ਕੀਤੇ ਸਨ, ਸ਼ਾਇਦ ਉਸ ਸਮੇਂ ਹੀ ਉਨ੍ਹਾਂ ਦੇ ਨਿੱਜੀ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਗਈ ਹੋਵੇ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ, “ਮੇਰੇ ਕੋਲ ਤਾਂ ਪੈਨ ਕਾਰਡ ਵੀ ਨਹੀਂ ਹੈ। ਮੈਂ ਕਦੇ ਇਸ ਲਈ ਅਰਜ਼ੀ ਨਹੀਂ ਦਿੱਤੀ।”

ਜੀਐੱਸਟੀ ਵਿਭਾਗ ਨੇ ਉਸ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ। ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਉਸ ਨੇ ਮੋਗਾ ਸਿਟੀ ਸਾਊਥ ਪੁਲਿਸ ਸਟੇਸ਼ਨ ਵਿੱਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਡੂੰਘਾਈ ਨਾਲ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਸਥਾਨਕ ਕੌਂਸਲਰ ਜਗਜੀਤ ਸਿੰਘ ‘ਜੀਤਾ’ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ‘ਇੱਕ ਗਰੀਬ ਆਦਮੀ ਨਾਲ ਗੰਭੀਰ ਧੋਖਾਧੜੀ’ ਕਰਾਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਦਾ ਇੰਤਜ਼ਾਰ ਹੈ।