India

ਸਿਲੰਡਰਾਂ ਦੀਆਂ ਕੀਮਤਾਂ ਵਿੱਚ 105 ਰੁਪਏ ਦਾ ਵਾਧਾ,ਦੁੱਧ ਦੀਆਂ ਕੀਮਤਾਂ ਵਿੱਚ ਵੀ ਉਛਾਲ

‘ਦ ਖ਼ਾਲਸ ਬਿਊਰੋ :ਹੋਰ ਸੱਮਸਿਆਵਾਂ ਵਾਂਗ ਮਹਿੰਗਾਈ ਵੀ ਇੱਕ ਅਜਿਹੀ ਸੱਮਸਿਆ ਹੈ ਜਿਸ ਦ ਆਮ ਆਦਮੀ ਦੀ ਜਿੰਦਗੀ ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ।ਕਿਉਂਕਿ ਜਿਆਦਾਤਰ ਉਹ ਤੱਬਕਾ ਇਸ ਦੀ ਮਾਰ ਹੇਠ ਆਉਂਦਾ ਹੈ,ਜੋ ਰੋਜ ਕਮਾ ਕੇ ਖਾਣ ਵਾਲਾ ਹੁੰਦਾ ਹੈ ਤੇ ਜਿੰਨਾ ਕੋਲ ਆਮਦਨ ਦੇ ਕੋਈ ਜਿਆਦਾ ਵੱਡੇ ਸ੍ਰੋਤ ਨਹੀਂ ਹੁੰਦੇ। ਇੱਕ ਤਰਾਂ ਨਾਲ ਮਹਿੰਗਾਈ ਦੇ ਨਾਂ ਤੇ ਸਰਕਾਰ ਵੀ ਆਮ ਜਨਤਾ ਨਾਲ ਮਜਾਕ ਹੀ ਕਰਦੀ ਹੈ। ਜਿਵੇਂ ਕਿ ਵੋਟਾਂ ਨੇੜੇ ਆਉਂਦਿਆਂ ਹੀ ਪੈਟ੍ਰੋਲ ਵਰਗੀਆਂ ਵਸਤਾਂ ਦੇ ਭਾਅ ਘਟਾ ਦਿਤੇ ਗਏ ਪਰ ਹੁਣ ਰੂਸ ਤੇ ਯੂਕਰੇਨ ਵਿਚਕਾਰ ਚੱਲਦੀ ਜੰਗ ਦਾ ਹਵਾਲਾ ਦੇ ਕੇ ਭਾਰਤ ਵਿੱਚ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਅਨੁਸਾਰ ਕਮਰਸ਼ੀਅਲ ਸਿਲੰਡਰ ਹੁਣ 105 ਰੁਪਏ ਹੋਰ ਮਹਿੰਗਾ ਮਿਲੇਗਾ। ਰਾਹਤ ਵਾਲੀ ਗੱਲ ਹੈ ਕਿ ਅਜੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਪਰ ਇੱਕ ਅੰਦਾਜੇ ਮੁਤਾਬਕ 7 ਮਾਰਚ ਤੋਂ ਬਾਅਦ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਮਹਿੰਗੀਆਂ ਹੋ ਸਕਦੀਆਂ ਹਨ ਕਿਉਂਕਿ ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦਾ 6ਵਾਂ ਪੜ੍ਹਾਅ 3 ਮਾਰਚ ਅਤੇ 7ਵਾਂ ਪੜਾਅ ਦੀਆਂ ਵੋਟਾਂ 7 ਮਾਰਚ ਹੈ ਤੇ ਉਤਰ ਪ੍ਰਦੇਸ਼ ਵਿੱਚ ਚੋਣਾਂ ਖਤਮ ਹੋਣ ਤੋਂ ਬਾਅਦ ਲੋਕਾਂ ਉਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ।
ਇਥੇ ਹੀ ਬਸ ਨਹੀਂ ,ਮਹਿੰਗਾਈ ਦਾ ਅਸਰ ਪੂਰੇ ਦੇਸ਼ ਵਿੱਚ ਦੁੱਧ ਦੀ ਕੀਮਤਾਂ ਤੇ ਵੀ ਪਿਆ ਹੈ ਤੇ ਹਜੇ ਹਾਲ ਵਿੱਚ ਹੀ ਅਮੁਲ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਇੱਕ ਮਾਰਚ ਤੋਂ ਲਾਗੂ ਹੋ ਚੁੱਕੀਆਂ ਹਨ। ਅਮੁਲ ਨੇ ਕਰੀਬ ਸੱਤ ਮਹੀਨੇ ਅਤੇ 27 ਦਿਨਾਂ ਬਾਅਦ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਦੋ ਰੁਪਏ ਪ੍ਰਤੀ ਲੀਟਰ ਵਧਾਈ ਗਈ ਸੀ।
ਇਹ ਹੀ ਨਹੀਂ,ਸਗੋਂ ਪਿਛਲੇ ਕੁੱਝ ਸਮੇਂ ਤੋਂ ਰਸੋਈ ਘਰ ਵਿੱਚ ਤਿਆਰ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜਾਂ ਉਤੇ ਇਸ ਮਹਿੰਗਾਈ ਦਾ ਅਸਰ ਪਿਆ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ,ਛਾਲਾਂ ਲਾ ਕੇ ਵੱਧ ਰਹੀਆਂ ਦਾਲਾਂ-ਸਬਜੀਆਂ ਦੀਆਂ ਕੀਮਤਾਂ ਤੇ ਮੁੱਕਦੀ ਗੱਲ ਕਰੀਏ ਤਾਂ ਹਰ ਖਾਣ ਵਾਲੀ ਚੀਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।