Punjab

ਬੇਅਦਬੀ ਦੇ ਮੁਲਜ਼ਮ ਦਾ ਕੇਸ ਨਹੀਂ ਲੜਨਗੇ ਵਕੀਲ !

ਬਿਊਰੋ ਰਿਪੋਰਟ : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਤੋਂ ਬਾਅਦ ਮੁਲਜ਼ਮ ਖਿਲਾਫ ਲੋਕ ਸੜਕਾਂ ‘ਤੇ ਧਰਨਾ ਦੇ ਰਹੇ ਹਨ ਉੱਥੇ ਰੋਪੜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਜਸਬੀਰ ਸਿੰਘ ਉਰਫ ਜੱਸੀ ਦਾ ਕੇਸ ਨਹੀਂ ਲੜਨਗੇ । ਉਨ੍ਹਾਂ ਨੇ ਬੇਅਦਬੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਘਿਨੌਣਾ ਕੰਮ ਕਰਨ ਵਾਲੇ ਦੇ ਨਾਲ ਬਾਰ ਐਸੋਸੀਏਸ਼ਨ ਨਹੀਂ ਖੜੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੇਅਦਬੀ ਦੇ ਵਿਰੋਧ ਵਿੱਚ ਵਕੀਲਾਂ ਵੱਲੋਂ ਅਦਾਲਤ ਦਾ ਕੰਮਕਾਜ ਵੀ ਠੱਪ ਰੱਖਿਆ ਗਿਆ ਹੈ । ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕਟਵਾਲ ਨੇ ਕਿਹਾ ਹੈ ਰੋਪੜ ਬਾਰ ਐਸੋਸੀਏਸ਼ਨ ਦੀ 2 ਹੋਰ ਯੂਨੀਅਨ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਨ੍ਹਾਂ ਨੂੰ ਵੀ ਫੈਸਲੇ ਵਿੱਚ ਸ਼ਾਮਲ ਹੋਣ ਲਈ ਮਨਾਇਆ ਜਾ ਰਿਹਾ ਹੈ, ਉਧਰ ਪੀੜਤ ਪੱਖ ਵੱਲੋਂ ਅਮਰਦੀਪ ਸਿੰਘ ਧਾਰਨੀ ਨੇ ਕੇਸ ਲੜਨ ਦਾ ਫੈਸਲਾ ਲਿਆ ਹੈ ।

ਮੋਰਿੰਡਾ ਬੇਅਦਬੀ ਮਾਮਲੇ ‘ਤੇ ਪ੍ਰਬੰਧਕ ਕਮੇਟੀ ਦਾ ਫੈਸਲਾ

ਬੇਅਦਬੀ ਦੇ ਪਸ਼ਚਾਤਾਪ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਕਮੇਟੀ ਨੇ ਇਸ ਦੀ ਜਾਂਚ ਦੇ ਲਈ 5 ਅਤੇ 8 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ,5 ਮੈਂਬਰੀ ਕਮੇਟੀ ਗੁਰੂ ਘਰ ਦਾ ਪ੍ਰਬੰਧ ਦੇਖੇਗੀ ਜਦਕਿ 8 ਮੈਂਬਰੀ ਕਮੇਟੀ ਕਾਨੂੰਨੀ ਕਾਰਵਾਈ ਲਈ ਬਣਾਈ ਗਈ ਹੈ । ਉਧਰ ਕੌਮੀ ਘੱਟ ਕਮਿਸ਼ਨ ਵੀ ਬੇਅਦਬੀ ਦੀ ਘਟਨਾ ਨੂੰ ਲੈਕੇ ਸਖਤ ਨਜ਼ਰ ਆ ਰਹੀ ਹੈ ।

ਕੌਮੀ ਘੱਟ ਕਮਿਸ਼ਨ ਨੇ ਮੰਗੀ ਰਿਪੋਰਟ

ਕੌਮੀ ਘੱਟ ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਤੋਂ ਪੰਜਾਬ ਵਿੱਚ ਪਿਛਲੇ 45 ਸਾਲਾਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਲਿਸਟ ਮੰਗੀ ਹੈ । ਉਨ੍ਹਾਂ ਮਰਿੰਡਾ ਬੇਅਦਬੀ ਘਟਨਾ ਦੀ ਨਿੰਦਾ ਵੀ ਕੀਤੀ ਹੈ ਅਤੇ ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ । ਕੌਮੀ ਘੱਟ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਚੁੱਕਿਆ ਗਿਆ ਹੈ ਇਹ ਵੱਡਾ ਕਦਮ ਹੈ ਕਿ ਕਿਉਂਕਿ ਨਕੋਦਰ ਬੇਅਦਬੀ ਮਾਮਲੇ ਵਿੱਚ 37 ਸਾਲ ਹੋ ਗਏ ਹਨ 32 ਸਾਲ ਬਾਅਦ ਜਾਂਚ ਰਿਪੋਰਟ ਜਨਤਕ ਹੋਈ ਸੀ। ਇਸ ਤੋਂ ਇਲਾਵਾ 2015 ਵਿੱਚ ਹੋਈ ਬਰਗਾੜੀ ਬੇਅਦਬੀ ਦੀ ਘਟਨਾ ਵੀ ਹੁਣ ਤੱਕ ਕਾਨੂੰਨੀ ਦਾਅ ਪੇਚ ਵਿੱਚ ਫਸੀ ਹੋਈ ਹੈ । ਕੇਸਗੜ੍ਹ ਸਾਹਿਬ ਵਿੱਚ ਬੀੜੀ ਸਾੜ ਕੇ ਕੀਤੀ ਬੇਅਦਬੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੰਗਲਾ ਟੱਪ ਕੇ ਕੀਤੀ ਗਈ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ । ਅਜਿਹੇ ਵਿੱਚ ਜੇਕਰ ਇੰਨ੍ਹਾਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੁੰਦੀ ਹੈ ਤਾਂ ਇਸ ਦੀ ਸਾਜਿਸ਼ ਤੱਕ ਪਹੁੰਚਿਆ ਜਾ ਸਕਦਾ ਹੈ। ਇਕਬਾਲ ਸਿੰਘ ਲਾਲਪੁਰ ਆਪ ਵੀ ਸਾਬਕਾ IPS ਅਫਸਰ ਰਹੇ ਹਨ ਉਹ ਬਰੀਕੀ ਨਾਲ ਅਜਿਹੇ ਮਾਮਲਿਆਂ ਤੋਂ ਜਾਣੂ ਹਨ । ਇਸ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਕੇ ਬੇਅਦਬੀ ਖਿਲਾਫ ਉਮਰ ਕੈਦ ਦੀ ਸਜ਼ਾ ਨੂੰ ਮਨਜ਼ੂਰ ਕਰਵਾਉਣਾ ਚਾਹੀਦਾ ਹੈ।

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਮੰਗੀ ਮੌਤ ਦੀ ਸਜਾ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਬੇਅਦਬੀ ਮਾਮਲੇ ਵਿੱਚ 100 ਸਾਲ ਪਹਿਲਾਂ ਤੋਂ ਜੈਤੋਂ ਦੇ ਮੋਰਚੇ ਨੂੰ ਮੁੜ ਸੁਰਜੀਤ ਕੀਤਾ ਹੈ,ਬੇਅਦਬੀ ਦੀ ਘਟਨਾਵਾਂ ਚੋਣਾਂ ਦੇ ਦਿਨ ਵਿੱਚ ਹੀ ਕਿਉਂ ਵਾਪਰਦੀਆਂ ਹਨ ।