‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦੀ ਸਾਕਾ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਜੁੜੀਆਂ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਨਾਂ ਉਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜੋੜਨ ਵਾਲੀਆਂ ਸੜਕਾਂ ਦੇ ਨਾਮ ਰੱਖਣ ਲਈ ਯਾਤਰਾ ਵਿਭਾਗ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ 7 ਅਪ੍ਰੈਲ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ 22 ਦਸੰਬਰ 2003 ਨੂੰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ 300 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਟੌਡਰ ਮੱਲ ਜੀ, ਸ਼ੇਰ ਮੁਹੰਮਦ ਖਾਂ ਮਲੇਰਕੋਟਲਾ, ਭਾਈ ਮੋਤੀ ਰਾਮ ਮਹਿਰਾ, ਅਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਚਾਰ ਸੁ਼ੰਦਰ ਗੇਟ ਉਨ੍ਹਾਂ ਵੱਲੋਂ ਬਣਾਏ ਗਏ ਸਨ। ਹੁਣ ਜਿਨ੍ਹਾਂ ਸੜਕਾਂ ਉਤੇ ਇਹ ਗੇਟ ਬਣਾਏ ਗਏ ਹਨ, ਉਨ੍ਹਾਂ ਸੜਕਾਂ ਦੇ ਨਾਮ ਵੀ ਇਨ੍ਹਾਂ ਮਹਾਨ ਸ਼ਖਸੀ਼ਅਤਾਂ ਦੇ ਨਾਮ ਉਪਰ ਹੀ ਰੱਖੇ ਜਾਣੇ ਚਾਹੀਦੇ ਹਨ।
ਜਥੇਦਾਰ ਪੰਜੋਲੀ ਨੇ ਦੱਸਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਅਪ੍ਰੈਲ 2021 ਨੂੰ ਉਨ੍ਹਾਂ ਦੇ ਨਾਂ ਉਪਰ ਭੇਜੀ ਇਕ ਲਿਖਤੀ ਚਿੱਠੀ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿੱਖ ਧਰਮ ਵਿੱਚ ਉਪਰੋਕਤ ਮਹਾਨ ਸ਼ਖਸ਼ੀਅਤਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਸ ਕਰਕੇ ਪੰਥ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ। ਇਸ ਲਈ ਉਨ੍ਹਾਂ ਦੇ ਨਾਮ ਉਪਰ ਸੜਕਾਂ ਦੇ ਨਾਮ ਰੱਖਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।