Punjab

ਪਟਾਕੇ ਪਾਉਣ ਵਾਲੇ ਸੁਧਰ ਜਾਓ, ਹੁਣ ਪੁਲਿਸ ਦੇ ਰੋੜੀ ਕੁੱਟ ਨਾਲ ਨਿੱਕਲਣਗੇ ਪਟਾਕਿਆਂ ਵਾਲੇ ਸਿਲੈਂਸਰਾਂ ਦੇ ਕੜਾਕੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੁਲੇਟ ਦੇ ਪਟਾਕਿਆਂ ਨਾਲ ਜਨਤਾ ਨੂੰ ਪਰੇਸ਼ਾਨ ਹੁੰਦਿਆਂ ਆਮ ਵੇਖ ਸਕਦੇ ਹਾਂ ਪਰ ਇਹ ਪਟਾਕੇ ਪਾਉਣ ਵਾਲੇ ਪੁਲਿਸ ਦੀ ਢਿੱਲ ਕਾਰਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਇਸਦਾ ਤੋੜ ਵੀ ਬਰਨਾਲਾ ਪੁਲਿਸ ਨੇ ਕੱਢ ਲਿਆ ਹੈ। ਹੁਣ ਪਟਾਕੇ ਵਜਾਉਣ ਵਾਲੇ ਥੋੜ੍ਹਾ ਸੰਭਲ ਜਾਣ ਕਿਉਂ ਕਿਉਂ ਪੁਲਿਸ ਦਾ ਐਕਸ਼ਨ ਥੋੜ੍ਹਾ ਮਹਿੰਗਾ ਪੈ ਸਕਦਾ ਹੈ। ਇਕ ਖਬਰ ਅਨੁਸਾਰ ਬਰਨਾਲਾ ਪੁਲਿਸ ਨੇ ਰੋੜੀਕੁੱਟ ਨਾਲ ਬੁਲੇਟ ਮੋਟਰਸਾਇਕਲਾਂ ਰਾਹੀਂ ਪਟਾਕੇ ਵਜਾਉਣ ਵਾਲਿਆਂ ਦੇ ਸਿਲੈਂਸਰ ਭੰਨੇ ਹਨ। ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਵਰਤੇ ਜਾਂਦੇ ਇਨ੍ਹਾਂ ਸਿਲੈਂਸਰਾਂ ‘ਤੇ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ।

ਬਰਨਾਲਾ ਪੁਲਿਸ ਨੇ ਬੁਲੇਟ ਮੋਟਰਸਾਈਕਲ ’ਤੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰ ਵਾਲਿਆਂ ‘ਤੇ ਸਖਤੀ ਕੀਤੀ ਹੈ। ਪੁਲਿਸ ਵਲੋਂ ਜ਼ਿਲੇ ਦੇ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੁਲਿਟਾਂ ਦੇ ਸਿਲੈਂਡਰ ਉਤਾਰੇ ਜਾ ਰਹੇ ਹਨ, ਜਿਹਨਾਂ ਨੂੰ ਬਾਅਦ ਵਿੱਚ ਭੰਨਿਆ ਜਾ ਰਿਹਾ ਹੈ ਤਾਂ ਕਿ ਹੁੱਲੜਬਾਜ਼ ਪਟਾਕੇ ਮਾਰਨ ਦੀਆਂ ਹਰਕਤਾਂ ਤੋਂ ਬਾਜ਼ ਆ ਜਾਣ।
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਹੁਣ ਤੱਕ ਜ਼ਿਲੇ ਵਿੱਚ 150 ਦੇ ਕਰੀਬ ਪਟਾਕਿਆਂ ਵਾਲੇ ਸਿਲੈਂਸਰ ਉਤਾਰ ਕੇ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪੁਲਿਸ ਵਲੋਂ ਰੋੜੀਕੁੱਟ ਪਟਾਕਿਆਂ ਵਾਲੇ ਸਿਲੈਂਸਰਾਂ ਉਪਰ ਚੜ੍ਹਾ ਕੇ ਉਹਨਾਂ ਨੂੰ ਤੋੜਿਆ ਗਿਆ ਤਾਂ ਕਿ ਇਹਨਾਂ ਦੀ ਮੁੜ ਵਰਤੋਂ ਨਾ ਹੋ ਸਕੇ।

ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਜੇਕਰ ਹੁੱਲੜਬਾਜ਼ਾਂ ਨੇ ਪੁਲਿਸ ਦੀ ਇਸ ਚੇਤਾਵਨੀ ’ਤੇ ਵੀ ਪਟਾਕੇ ਮਾਰਨੇ ਬੰਦ ਨਾ ਕੀਤੇ ਤਾਂ ਉਹਨਾਂ ਦੇ ਮੋਟਰਸਾਈਕਲ ਜ਼ਬਤ ਕਰਕੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ। ਗੋਇਲ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਕੁੱਝ ਲੋਕ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਵਲੋਂ ਇਸ ਤਰਾਂ ਪਟਾਕੇ ਪਾ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੋ ਗੈਰ ਕਾਨੂੰਨੀ ਹੈ। ਇਹਨਾਂ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸਣ ਲਈ ਬਰਨਾਲਾ ਪੁਲਿਸ ਵਲੋਂ ਪਟਾਕੇ ਮਾਰਨ ਵਾਲਿਆਂ ’ਤੇ ਸਖ਼ਤੀ ਕੀਤੀ ਗਈ ਹੈ।