Punjab

ਸੰਗਰੂਰ ‘ਚ ਚਾਰ ਨੌਜਵਾਨਾਂ ਦੇ ਘਰਾਂ ਵਿੱਚ ਵਿਛੇ ਸੱਥਰ , ਬਣੀ ਇਹ ਵਜ੍ਹਾ

Road accident occurred near Sangrur four youths died

ਸੰਗਰੂਰ ਕੌਮੀ ਮਾਰਗ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਮਸਤੂਆਣਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ, ਜਿਨ੍ਹਾਂ ਨੂੰ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਤਿੰਨ ਨੌਜਵਾਨ ਮੌਕੇ ’ਤੇ ਹੀ ਦਮ ਤੋੜ ਗਏ ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਉਮਰ 20-29 ਸਾਲ ਦੇ ਦਰਮਿਆਨ ਹੈ। ਮ੍ਰਿਤਕਾਂ ’ਚ ਦੋ ਪਿੰਡ ਗੁੱਜਰਾਂ, ਇੱਕ ਕੰਮੋ ਮਾਜਰਾ ਅਤੇ ਇੱਕ ਪਿੰਡ ਥੂਹੀ ਦਾ ਵਸਨੀਕ ਸੀ।

ਪੁਲਿਸ ਅਨੁਸਾਰ ਪਰਗਟ ਸਿੰਘ ਪਿੰਡ ਗੁੱਜਰਾਂ ਨੇ ਦੱਸਿਆ ਹੈ ਕਿ ਉਹ ਆਪਣੇ ਲੜਕੇ ਗੁਰਬਾਜ਼ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਸੀ ਜਦਕਿ ਉਨ੍ਹਾਂ ਦੇ ਪਿੰਡ ਦੇ ਵਸਨੀਕ ਮੁਖਤਿਆਰ ਸਿੰਘ ਦੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਵਾਸੀ ਕੰਮੋਮਾਜਰਾ ਜ਼ਿਲ੍ਹਾ ਸੰਗਰੂਰ ਅਤੇ ਅਮਨਪ੍ਰੀਤ ਸਿੰਘ ਵਾਸੀ ਪਿੰਡ ਥੂਹੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਸਵਾਰ ਸਨ। ਉਹ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਗਏ ਸਨ।

ਬੀਤੀ ਰਾਤ ਮਸਤੂਆਣਾ ਸਾਹਿਬ ਤੋਂ ਵਾਪਸੀ ਮੌਕੇ ਮੁਖਤਿਆਰ ਸਿੰਘ ਦਾ ਮੋਟਰਸਾਈਕਲ ਉਨ੍ਹਾਂ ਤੋਂ ਅੱਗੇ ਜਾ ਰਿਹਾ ਸੀ। ਜਦੋਂ ਉਹ ਫਲਾਈਓਵਰ ਬਾਹੱਦ ਪਿੰਡ ਉਪਲੀ ਪੁੱਜੇ ਤਾਂ ਮੁਖਤਿਆਰ ਸਿੰਘ ਦਾ ਮੋਟਰਸਾਈਕਲ ਬੰਦ ਹੋ ਗਿਆ ਅਤੇ ਤਿੰਨੇ ਜਣੇ ਮੋਟਰਸਾਈਕਲ ਸਾਈਡ ’ਤੇ ਲਗਾ ਕੇ ਖੜ੍ਹ ਗਏ। ਉਸ ਦੇ ਲੜਕੇ ਗੁਰਬਾਜ਼ ਸਿੰਘ ਨੇ ਵੀ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਉਹ ਵੀ ਮੁਖਤਿਆਰ ਸਿੰਘ ਹੋਰਾਂ ਕੋਲ ਚਲਾ ਗਿਆ।

ਚਾਰੇ ਜਣੇ ਬੰਦ ਹੋਏ ਮੋਟਰਸਾਈਕਲ ਨੂੰ ਦੇਖਣ ਲੱਗ ਪਏ ਤਾਂ ਰਾਤ ਕਰੀਬ ਸਾਢੇ ਦਸ ਵਜੇ ਬਡਰੁੱਖਾਂ ਵਾਲੀ ਸਾਈਡ ਤੋਂ ਇੱਕ ਸਕਾਰਪੀਓ ਗੱਡੀ ਤੇਜ਼ ਰਫ਼ਤਾਰ ਆਈ, ਜਿਸ ਨੇ ਮੋਟਰਸਾਈਕਲ ਕੋਲ ਖੜ੍ਹੇ ਮੁਖਤਿਆਰ ਸਿੰਘ (25), ਗੁਰਦੀਪ ਸਿੰਘ (29), ਗੁਰਬਾਜ਼ ਸਿੰਘ (22) ਅਤੇ ਅਮਨਪ੍ਰੀਤ ਸਿੰਘ (20) ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਅਮਨਪ੍ਰੀਤ ਸਿੰਘ ਅਤੇ ਗੁਰਬਾਜ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਮੁਖਤਿਆਰ ਸਿੰਘ ਬਾਰੇ ਮੌਕੇ ’ਤੇ ਪਤਾ ਨਹੀਂ ਲੱਗਿਆ ਕਿ ਉਹ ਕਿਥੇ ਹੈ। ਲੋਕਾਂ ਦੀ ਮੱਦਦ ਨਾਲ ਦੋਵੇਂ ਮ੍ਰਿਤਕਾਂ ਅਤੇ ਗੰਭੀਰ ਜ਼ਖ਼ਮੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਜਿਥੇ ਗੰਭੀਰ ਜ਼ਖ਼ਮੀ ਗੁਰਦੀਪ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੱਜ ਸਵੇਰੇ ਮੁਖਤਿਆਰ ਸਿੰਘ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਹ ਗੱਡੀ ਦੀ ਜ਼ੋਰਦਾਰ ਟੱਕਰ ਕਾਰਨ ਫਲਾਈਓਵਰ ਪੁਲ ਦੇ ਉਪਰੋਂ ਹੇਠਾਂ ਜਾਂਦੀ ਸੜਕ ਦੇ ਨਾਲ ਖਤਾਨਾਂ ਵਿੱਚ ਜਾ ਡਿੱਗਿਆ ਸੀ, ਜਿਸ ਦੀ ਵੀ ਮੌਤ ਹੋ ਚੁੱਕੀ ਹੈ। ਥਾਣਾ ਸਦਰ ਪੁਲੀਸ ਦੇ ਤਫਤੀਸ਼ੀ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਸਕਾਰਪੀਓ ਗੱਡੀ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।