ਮੱਧ ਪ੍ਰਦੇਸ਼ ਵਿਚ ਇਕ ਵਾਰ ਫਿਰ ਰਫ਼ਤਾਰ ਦਾ ਕਹਿਰ ਸਾਹਮਣੇ ਆਇਆ ਹੈ। ਜਿੱਥੇ ਧਾਰ ਜ਼ਿਲ੍ਹੇ ਵਿਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ (Horrific road accident) ਵਿਚ ਇਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਬੱਸ ਨਾਲ ਬਾਈਕ ਦੀ ਟੱਕਰ ਕਾਰਨ ਵਾਪਰਿਆ। ਇਸ ਹਾਦਸੇ ਵਿਚ ਬਾਈਕ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਤਿੰਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਇਕ ਮਾਸੂਮ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਧਾਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ‘ਚ ਮਾਤਮ ਛਾ ਗਿਆ ਹੈ।
ਧਾਮਨੋਦ ਦੇ ਐਸਐਚਓ ਰਾਜਕੁਮਾਰ ਯਾਦਵ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਦੇਰ ਰਾਤ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਬਾਈਕ ‘ਤੇ ਧਾਮਨੋਦ ਤੋਂ ਬਾਕਾਨੇਰ ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਭਾਟੀ ਢਾਬੇ ਦੇ ਸਾਹਮਣੇ ਏ.ਬੀ.ਰੋਡ ਦੇ ਮੋੜ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਬੱਸ ਨੇ ਬਾਈਕ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਬਾਈਕ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ਉਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਅਤੇ ਜ਼ਖਮੀ ਲੜਕੀ ਨੂੰ ਹਸਪਤਾਲ ਪਹੁੰਚਾਇਆ। ਉਥੇ ਇਲਾਜ ਦੌਰਾਨ ਜ਼ਖਮੀ ਲੜਕੀ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਯਾਤਰੀ ਬੱਸ ਨੂੰ ਕਬਜ਼ੇ ‘ਚ ਲੈ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਦੇਵੀ ਸਿੰਘ, ਉਸ ਦੀ ਪਤਨੀ ਅਨੀਤਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਉਹ ਪਿੰਡ ਬਾਕਾਨੇਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਿਸ ਨੇ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਅੱਜ ਪੋਸਟਮਾਰਟਮ ਕੀਤਾ ਜਾਵੇਗਾ।