Punjab

ਗਰਮੀ ‘ਚ ਤਪ ਰਿਹਾ ਪੰਜਾਬ, ਫਿਕਰਾਂ ‘ਚ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲੂ ਚੱਲਣ ਕਾਰਨ ਖੇਤਰ ਵਿੱਚ ਗਰਮੀ ਦਾ ਪ੍ਰਕੋਪ ਹੋਰ ਵਧ ਗਿਆ ਹੈ। ਪੰਜਾਬ ਗਰਮੀ ‘ਚ ਤਪ ਰਿਹਾ ਹੈ। 45 ਡਿਗਰੀ ਤਾਪਮਾਨ ਨੇ ਪੰਜਾਬ ਦਾ ਹਾਲ ਬੇਹਾਲ ਕਰਕੇ ਰੱਖਿਆ ਹੋਇਆ ਹੈ। ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 45 ਡਿਗਰੀ ਦੇ ਕਰੀਬ ਹੈ। ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਗਰਮੀ ਕਿਸਾਨਾਂ ਨੂੰ ਵੀ ਫਿਕਰਾਂ ਵਿੱਚ ਧੱਕ ਦਿੱਤਾ ਹੈ। ਗਰਮੀ ਅਤੇ ਖੁਸ਼ਕ ਹਵਾਵਾਂ ਚੱਲਣ ਕਰਕੇ ਸਬਜ਼ੀ ਕਾਸ਼ਤਕਾਰ ਫ਼ਿਕਰਾਂ ਵਿੱਚ ਪਏ ਹੋਏ ਹਨ। ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਹੈ। ਗਰਮੀ ਦਾ ਪਾਰਾ 45 ਡਿਗਰੀ ਤੋਂ ਪਾਰ ਹੋਣ ਕਰਕੇ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣ ਕਰਕੇ ਕਿਸਾਨ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਹੋ ਰਹੇ ਹਨ।

ਦਰਅਸਲ, ਮਾਨਸਾ ਦੇ ਪਿੰਡਾਂ ਵਿੱਚ ਕਿਸਾਨ ਪਿਛਲੇ ਸੀਜ਼ਨ ਦੌਰਾਨ ਸ਼ਿਮਲਾ ਮਿਰਚ ਦੀ ਫਸਲ ਤੋਂ 25 ਜੂਨ ਤੱਕ ਫਸਲ ਦੀ ਪੈਦਾਵਾਰ ਅਤੇ ਕਮਾਈ ਪ੍ਰਾਪਤ ਕਰਦੇ ਸਨ। ਪਰ ਇਸ ਵਾਰ ਤੇਜ਼ ਗਰਮੀ ਕਾਰਨ ਵੱਧ ਰਹੇ ਤਾਪਮਾਨ ਅਤੇ ਖੁਸ਼ਕ ਹਵਾਵਾਂ ਨੇ ਸ਼ਿਮਲਾ ਮਿਰਚ ਬੀਜਣ ਵਾਲੇ ਕਿਸਾਨਾਂ ਦੇ ਚਿਹਰਿਆਂ ਉੱਤੇ ਚਿੰਤਾ ਦੀਆਂ ਲਕੀਰਾਂ ਗਹਿਰੀਆਂ ਕਰ ਦਿੱਤੀਆਂ ਹਨ। ਗਰਮੀ ਦਾ ਪਾਰਾ 45 ਡਿਗਰੀ ਤੋਂ ਵਧਣ ਕਰਕੇ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਕਿਸਾਨ ਹੋ ਰਹੇ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਦੀ ਤੁੜਾਈ 25 ਜੂਨ ਤੱਕ ਚੱਲਦੀ ਸੀ ਪਰ ਇਸ ਵਾਰ ਗਰਮੀ ਵਧਣ ਕਾਰਨ ਮਈ ਦੇ ਅੱਧ ਤੱਕ ਹੀ ਖੇਤ ਸੁੱਕ ਕੇ ਖਾਲੀ ਹੋਣੇ ਸ਼ੁਰੂ ਹੋ ਗਏ ਹਨ।

ਫਸਲ ਸੁੱਕਣ ਕਾਰਨ ਪ੍ਰੇਸ਼ਾਨ ਕਿਸਾਨਾਂ ਗੋਰਾ ਸਿੰਘ ਭੈਣੀ ਬਾਘਾ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਅਜਿਹੀ ਗਰਮੀ ਅਸੀਂ ਅੱਜ ਦੇ ਦਿਨਾਂ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖੀ। ਉਨ੍ਹਾਂ ਨੇ ਕਿਹਾ ਕਿ ਤਾਪਮਾਨ 47 ਡਿਗਰੀ ਤੋਂ ਜ਼ਿਆਦਾ ਹੋ ਗਿਆ ਹੈ, ਜਿਸ ਕਰਕੇ ਖੇਤਾਂ ਵਿੱਚ ਬੀਜੀਆਂ ਸਬਜ਼ੀਆਂ ਸੁੱਕਣ ਲੱਗੀਆਂ ਹਨ। ਵੱਧ ਰਹੀ ਗਰਮੀ ਦੇ ਨਾਲ-ਨਾਲ ਖ਼ੁਸ਼ਕ ਹਵਾ ਵੀ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਹਾਂ ਪਰ ਅਜਿਹਾ ਕਦੇ ਨਹੀਂ ਦੇਖਿਆ ਕਿ ਅੱਜ ਦੇ ਦਿਨਾਂ ਵਿੱਚ ਖੇਤ ਖਾਲੀ ਹੋ ਜਾਣ, ਕਿਉਂਕਿ ਸ਼ਿਮਲਾ ਮਿਰਚ ਦੀ ਖੇਤੀ ਹਾਲੇ ਇੱਕ ਮਹੀਨਾ ਹੋਰ ਚੱਲਣੀ ਸੀ। ਉਹਨਾਂ ਕਿਹਾ ਕਿ ਜੋ ਫ਼ਸਲ ਬਚੀ ਹੈ, ਉਸਦਾ ਬਣ ਰਿਹਾ ਫੁੱਲ ਵੀ ਗਰਮੀ ਕਾਰਨ ਸੁੱਕ ਰਿਹਾ ਹੈ, ਜਿਸ ਕਾਰਨ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਤੇ ਸਬਜ਼ੀਆਂ ਬੀਜਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਬਿਜਲੀ ਤੇ ਪਾਣੀ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ, ਮੱਕੀ ਤੇ ਹੋਰ ਸਬਜ਼ੀਆਂ ਦੀ ਬਿਜਾਈ ਕੀਤੀ ਹੋਈ ਹੈ, ਪਰ ਨਹਿਰੀ ਪਾਣੀ ਅਤੇ ਬਿਜਲੀ ਨਾ ਮਿਲਣ ਕਾਰਨ ਫਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਵਿੱਚ ਕਿਸਾਨਾਂ ਨੂੰ ਦਿਨ ਦੇ ਸਮੇਂ 4 ਘੰਟੇ ਬਿਜਲੀ ਸਪਲਾਈ ਦੇਣਾ ਯਕੀਨੀ ਬਣਾਵੇ।

ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਵਿੱਚ ਦਿਨ ਦੇ ਸਮੇਂ ਚਾਰ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ। ਗਰਮੀ ਦੇ ਵਧਣ ਕਾਰਨ ਸਬਜ਼ੀਆਂ, ਹਰਾ ਚਾਰਾ ਅਤੇ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਬਿਜਲੀ ਦੀ ਮੰਗ ਨੇ ਪਾਵਰਕੌਮ ਦੀ ਨੀਂਦ ਉਡਾ ਕੇ ਰੱਖੀ ਹੋਈ ਹੈ।