ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਸਥਿਤ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ‘ਚ ਬੀਤੀ ਰਾਤ ਹੰਗਾਮਾ ਹੋ ਗਿਆ। ਇੱਥੇ ਰਾਮਕ੍ਰਿਸ਼ਨ ਮਿਸ਼ਨ ਅਤੇ ਬ੍ਰਹਮੋ ਸਮਾਜ ਦੇ ਪੈਰੋਕਾਰਾਂ ਵਿਚਕਾਰ ਟਕਰਾਅ ਹੋ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ‘ਚ 7 ਲੋਕ ਜ਼ਖਮੀ ਹੋਏ ਹਨ।
ਦੱਸ ਦਈਏ ਕਿ ਰਾਮ ਕ੍ਰਿਸ਼ਨ ਮਿਸ਼ਨ ਆਸ਼ਰਮ ਅਤੇ ਬ੍ਰਹਮੋ ਸਮਾਜ ਵਿਚਾਲੇ ਮੰਦਰ ਅਤੇ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਦੋਵੇਂ ਧਿਰਾਂ ਆਪੋ-ਆਪਣੇ ਦਾਅਵੇ ਕਰ ਰਹੀਆਂ ਹਨ।
ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਪਥਰਾਅ ਵਿੱਚ ਜ਼ਖ਼ਮੀ ਹੋਏ ਕਿਊਆਰਟੀ ਜਵਾਨਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਆਸ਼ਰਮ ਪਰਿਸਰ ਵਿੱਚ ਪਥਰਾਅ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਰਹੀ ਹੈ।
ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਵਿਧਾਨ ਸਭਾ ਦੇ ਨੇੜੇ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ। ਪੁਲੀਸ ਨੇ ਪਥਰਾਅ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਥਰਾਅ ‘ਚ 6-7 ਲੋਕ ਜ਼ਖਮੀ ਹੋਏ ਹਨ। ਪੁਲਿਸ ਪਥਰਾਅ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਰਹੀ ਹੈ।
ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਦੋਵਾਂ ਧਿਰਾਂ ਵਿਚਾਲੇ ਕੋਈ ਝਗੜਾ ਨਾ ਹੋਵੇ। ਐਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪੁਲਿਸ ਤਾਇਨਾਤ ਕੀਤੀ ਗਈ ਹੈ।