‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਦੀ ਸਿਆਸਤ ਵਿੱਚ ਸ਼ੁਰੂ ਤੋਂ ਹੀ ਇੱਕ ਪ੍ਰਵਿਰਤੀ ਚਲੀ ਆ ਰਹੀ ਹੈ ਕਿ ਕਿਸੇ ਵੀ ਪਾਰਟੀ ਦਾ ਪ੍ਰਧਾਨ ਦੂਜੀ ਕਤਾਰ ਦੇ ਨੇਤਾ ਨੂੰ ਆਪਣੇ ਬਰਾਬਰ ਖੜਾ ਦੇਖਣਾ ਨਹੀਂ ਚਾਹੁੰਦਾ। ਪਾਰਟੀ ਅੰਦਰ ਕਿਸੇ ਨੇ ਥੋੜੀ ਬਹੁਤ ਧੌਣ ਉੱਪਰ ਚੁੱਕੀ ਨਹੀਂ ਤਾਂ ਉਸੇ ਵੇਲੇ ਖੁੰਭ ਠੱਪ ਦਿੱਤੀ ਜਾਂਦੀ ਰਹੀ ਹੈ। ਉਂਝ ਪੰਜਾਬ ਦੀ ਸਰਕਾਰ ਵਿੱਚ ਵੀ ਇਹੋ ਵਰਤਾਰਾ ਚੱਲਦਾ ਆ ਰਿਹਾ ਹੈ। ਮੁੱਖ ਮੰਤਰੀ ਦੀ ਇੱਛਾ ਦੇ ਉਲਟ ਇੱਥੋਂ ਤੱਕ ਕਿ ਮਨਜ਼ੂਰੀ ਤੋਂ ਬਗੈਰ ਕਿਸੇ ਨੇ ਫੈਸਲਾ ਲੈਣ ਦਾ ਹੀਆ ਕੀਤਾ ਨਹੀਂ ਤਾਂ ਸਮਝੋ ਉਹਦੇ ਪਰ ਕੁਤਰੇ ਗਏ। ਸ਼੍ਰੋਮਣੀ ਅਕਾਲੀ ਦਲ (Shiromini akali dal) ਜਿਹੜੀ ਕਿ ਪੰਜਾਬ (Punjab) ਦੀ ਇੱਕੋ ਇੱਕ ਖੇਤਰੀ ਪਾਰਟੀ ਹੈ, ਇਸ ਵਿੱਚ ਤਾਂ ਹਮੇਸ਼ਾ ਪ੍ਰਧਾਨ ਭਾਰੂ ਰਿਹਾ ਹੈ। ਇੱਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਇਸ਼ਾਰੇ ਉੱਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromini gurudwara parbhandak committee) ਦੇ ਪ੍ਰਧਾਨ ਨੂੰ ਨੱਚਣਾ ਪੈਂਦਾ ਹੈ। ਅਸਲ ਵਿੱਚ ਬਾਦਲਕਿਆਂ ਨੇ ਕਈ ਦਹਾਕਿਆਂ ਤੋਂ ਅਕਾਲੀ ਦਲ ਨੂੰ ਆਪਣੇ ਕਬਜ਼ੇ ਵਿੱਚ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਲੰਬਾ ਸਮਾਂ ਪ੍ਰਧਾਨ ਰਹੇ ਹਨ, ਦੀ ਵਰਕਰਾਂ ਨੂੰ ਕਦੇ ਪਲੋਸਣ ਅਤੇ ਕਦੇ ਅੱਖਾਂ ਦਿਖਾਉਣ ਦੀ ਸਿਆਸਤ ਚੱਲਦੀ ਰਹੀ।

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿੰਦਗੀ ਦੀ ਸ਼ਾਮ ਢਲਣ ਵੇਲੇ ਅਕਾਲੀ ਦਲ ਤੋਂ ਲਾਂਭੇ ਹੋ ਜਾਣ ਅਤੇ ਇਹਦੀ ਜ਼ਿੰਮੇਵਾਰੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਸਿਰ ਪਾ ਦੇਣ ਤੋਂ ਬਾਅਦ ਅਕਾਲੀ ਦਲ ਦੀ ਤਸਵੀਰ ਹੀ ਬਦਲ ਗਈ ਹੈ। ਸੁਖਬੀਰ ਨੇ ਪ੍ਰਧਾਨ ਬਣਦਿਆਂ ਹੀ ਅਕਾਲੀ ਦਲ ਨੂੰ ਅਤੇ ਪੰਜਾਬ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹਿੰਦਿਆਂ ਆਪਣੇ ਤੌਰ ਤਰੀਕਿਆਂ ਨਾਲ ਪਾਰਟੀ ਅਤੇ ਸਰਕਾਰ ਨੂੰ ਚਲਾਇਆ ਹੈ। ਪਰ ਬਹੁਤਾ ਕੁਝ ਹਕੂਮਤ ਦੇ ਡੰਡੇ ਹੇਠ ਦੱਬੂ ਘੁਸੜੂ ਹੋ ਕੇ ਚੱਲਦਾ ਰਿਹਾ। ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੀਆਂ ਸੁਰਾਂ ਉੱਠਣ ਲੱਗ ਪਈਆਂ ਹਨ। ਅਸਲ ਵਿੱਚ ਪੰਥ ਦਰਦੀ ਅਕਾਲੀ ਦਲ ਨੂੰ ਸਿਆਸੀ ਹਾਸ਼ੀਏ ਤੋਂ ਬਾਹਰ ਹੁੰਦਿਆਂ ਦੇਖ ਕੇ ਪੀੜ ਵਿੱਚ ਹਨ।

ਅਕਾਲੀ ਦਲ ਦੀ 2022 ਦੀਆਂ ਚੋਣਾਂ ਵਿੱਚ ਨਾਮੋਸ਼ੀ ਭਰੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਣ ਦਾ ਜਿਵੇਂ ਨਾਟਕ ਰਚਿਆ, ਉਸ ਤੋਂ ਬਾਅਦ ਉਹ ਇੱਕ ਤਰ੍ਹਾਂ ਨਾਲ ਪਾਰਟੀ ਦੇ ਅੰਦਰ ਅਤੇਬਾਹਰ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ। ਸੀਨੀਅਰ ਲੀਡਰਸ਼ਿਪ ਦੀ ਮੰਗ ਕਿ ਚੋਣਾਂ ਹਾਰਨ ਦੇ ਕਾਰਨਾਂ ਦੀ ਪੜਚੋਲ ਕਰਨ ਲਈ ਸੀਨੀਅਰ ਨੇਤਾ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਇੱਕ 13 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਕਮੇਟੀ ਦੀ ਰਿਪੋਰਟ ਅੰਦਰ ਪਾਰਟੀ ਲੀਡਰਸ਼ਿਪ ਦੀ ਤਬਦੀਲੀ ਦੀ ਸਿਫਾਰਸ਼ ਕੀਤੀ ਗਈ ਹੈ। ਦਲ ਦੇ ਸਕੱਤਰ ਜਨਰਲ ਭੂੰਦੜ ਕਹਿੰਦੇ ਹਨ ਕਿ ਪਾਰਟੀ ਦੀ ਲੀਡਰਸ਼ਿਪ ਦੀ ਤਬਦੀਲੀ ਵਿੱਚ ਪ੍ਰਧਾਨ ਦਾ ਨਾਂ ਸ਼ੁਮਾਰ ਨਹੀਂ ਹੁੰਦਾ, ਜਿਸਨੂੰ ਆਮ ਵਰਕਰ ਅਤੇ ਜਨਤਾ ਚੁਟਕਲਾ ਸਮਝ ਕੇ ਮੌਜੂ ਉਡਾ ਰਹੇ ਹਨ। ਇਸ ਤੋਂ ਬਾਅਦ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਢਾਂਚਾ ਹੀ ਭੰਗ ਕਰ ਦਿੱਤਾ ਹੈ।
ਇਹ ਵੀ ਵੇਖੋ :
ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਪਹਿਲੀ ਵਾਰ ਨਹੀਂ ਹੋਈ। ਇਸ ਤੋਂ ਪਹਿਲਾਂ ਬਾਦਲਾਂ ਖਿਲਾਫ਼ ਵਿਦਰੋਹ ਦਾ ਝੰਡਾ ਚੁੱਕਣ ਵਾਲੇ ਆਪਣਾ ਲੁੰਗ ਲਾਣਾ ਲੈ ਕੇ ਪਾਸੇ ਹੁੰਦੇ ਰਹੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਵਿੱਚੋਂ ਬਾਦਲਾਂ ਨੂੰ ਲਾਂਭੇ ਕਰਨ ਦੀ ਬਾਗੀ ਸੁਰ ਉੱਭਰੀ ਹੈ। ਇਸ ਤੋਂ ਪਹਿਲਾਂ ਬਾਦਲਾਂ ਤੋਂ ਪਾਸੇ ਹੋ ਕੇ ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਅਕਾਲੀ ਦਲ , ਮਰਹੂਮ ਹਰਚੰਦ ਸਿੰਘ ਲੌਂਗੋਵਾਲ, ਮਰਹੂਮ ਸੁਰਜੀਤ ਸਿੰਘ ਬਰਨਾਲਾ ਨੇ ਆਪਣੀ ਅੱਡ ਡੱਫਲੀ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 1920 ਖੜਾ ਕਰ ਲਿਆ ਸੀ। ਯੂਨਾਈਟਿਡ ਅਕਾਲੀ ਦਲ ਵੀ ਬਾਦਲਾਂ ਤੋਂ ਲਾਂਭੇ ਹੋ ਕੇ ਬਣਾਇਆ ਹੈ। ਹਰਿਆਣਾ ਦੇ ਬਾਦਲਾਂ ਨਾਲ ਲੰਬੇ ਸਮੇਂ ਤੋਂ ਜੁੜੇ ਵਫਾਦਾਰਾਂ ਨੇ ਅਕਾਲੀ ਦਲ ਹਰਿਆਣਾ ਖੜਾ ਕਰ ਲਿਆ ਹੈ।

13 ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਬਾਦਲਕਿਆਂ ਨੂੰ ਵੱਡੇ ਅਹੁਦੇ ਤੋਂ ਲਾਂਭੇ ਹੋ ਜਾਣ ਦਾ ਸੁਝਾਅ ਦਿੱਤਾ ਸੀ। ਕਿਉਂਕਿ ਬਰਾੜ ਦਲ ਦੇ ਟਕਸਾਲੀ ਨੇਤਾ ਨਹੀਂ ਹੋਣ ਅਤੇ ਉਹ ਕਾਂਗਰਸ ਸਮੇਤ ਹੋਰਾਂ ਪਾਰਟੀਆਂ ਦੇ ਘਰ ਦੇਖ ਕੇ ਅਕਾਲੀਆਂ ਵਿੱਚ ਸ਼ਾਮਿਲ ਹੋਏ ਸਨ। ਇਸ ਲਈ ਉਨ੍ਹਾਂ ਦੇ ਬਿਆਨ ਨੂੰ ਏਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਪਰ ਜਦੋਂ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਬਗਾਵਤ ਦਾ ਝੰਡਾ ਚੁੱਕਿਆ ਤਾਂ ਪਾਰਟੀ ਦੇ ਅੰਦਰ ਇੱਕ ਵਾਰ ਤਾਂ ਵੱਡੀ ਪੱਧਰ ਉੱਤੇ ਲਲਾ ਲਲਾ ਹੋ ਗਈ।

ਅਕਾਲੀ ਦਲ ਦੀ 13 ਮੈਂਬਰੀ ਕਮੇਟੀ ਨੂੰ ਲਾਗੂ ਕਰਨ ਅਤੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਉੱਠੀ ਮੰਗ ਨੂੰ ਨੱਪਣ ਲਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਇੱਕ ਅਨੁਸਾਸ਼ਨੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਜਿਸ ਦਿਨ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਅੰਮ੍ਰਿਤਸਰ ਵਿੱਚ ਵੱਖਰੀ ਮੀਟਿੰਗ ਕੀਤੀ, ਉਸ ਦਿਨ ਹੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਮਲੂਕਾ ਗਰਜ ਪਏ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ 2032 ਤੱਕ ਪ੍ਰਧਾਨ ਰਹਿਣਗੇ ਜਿਸਨੂੰ ਨਹੀਂ ਮਨਜ਼ੂਰ ਉਹ ਪਾਰਟੀ ਛੱਡ ਦੇਣ।

ਦਲ ਅੰਦਰਲੇ ਸੂਤਰਾਂ ਅਨੁਸਾਰ ਅਨੁਸ਼ਾਸਨੀ ਕਮੇਟੀ ਵੱਲੋਂ ਤਬਦੀਲੀ ਦੀ ਮੰਗ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਤਿਆਰੀ ਛੇੜ ਦਿੱਤੀ ਗਈ ਸੀ ਪਰ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਅਟਵਾਲ ਦੇ ਕਹਿਣ ਉੱਤੇ ਫਿਲਹਾਲ ਐਕਸ਼ਨ ਰੋਕ ਲਿਆ ਗਿਆ ਹੈ। ਬਾਦਲ ਪਿਉ ਪੁੱਤ ਪਹਿਲਾਂ ਹੀ ਦੱਬੂ ਘੁਸੜੂ ਦੀ ਨੀਤੀ ਨਾਲ ਡੰਗ ਟਪਾਈ ਰੱਖਣ ਦੇ ਹੱਕ ਵਿੱਚ ਹਨ। ਵੱਡੇ ਬਾਦਲ ਸਰਕਾਰ ਵਿੱਚ ਮੁੱਖ ਮੰਤਰੀ ਹੁੰਦਿਆਂ ਹੀ ਅਕਸਰ ਕਹਿ ਛੱਡਦੇ ਸਨ ਕਿ ਮਾਮਲੇ ਲਟਕਾਉਣ ਨਾਲ ਸਮਾਂ ਪਾ ਕੇ ਆਪਣੀ ਮੌਤੇ ਆਪ ਹੀ ਮਰ ਜਾਂਦੇ ਹਨ।

ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋਹਾਂ ਧਿਰਾਂ ਨਾਲ ਸਾਂਝ ਪੁਗਾ ਰਹੇ ਹਨ ਅਤੇ ਤਬਦੀਲੀ ਦੇ ਹਾਮੀ ਆਗੂਆਂ ਨਾਲ ਸੰਪਰਕ ਵਿੱਚ ਹਨ। ਮਜੀਠੀਆ ਹਾਲੇ ਕਿਸੇ ਵੀ ਧਿਰ ਨਾਲ ਖੜੇ ਹੋਣ ਦੀ ਥਾਂ ਨਿਰਪੱਖ ਹੋ ਕੇ ਚੱਲਣ ਦੀ ਸਿਆਸਤ ਖੇਡ ਰਹੇ ਹਨ। ਉਨ੍ਹਾਂ ਨੇ ਦੋਵਾਂ ਧਿਰਾਂ ਨਾਲ ਲਗਾਤਾਰ ਰਾਬਤਾ ਸਾਧਿਆ ਹੋਇਆ ਹੈ। ਇਹੋ ਵਜ੍ਹਾ ਹੈ ਕਿ ਤਬਦੀਲੀ ਦੇ ਹਾਮੀ ਪਿਛਲੇ ਡੇਢ ਦਹਾਕੇ ਤੋਂ ਚੁੱਪ ਹਨ। ਪਰ ਪਤਾ ਲੱਗਾ ਹੈ ਕਿ ਅਗਲੇ ਦਿਨ ਹੀ ਉਨ੍ਹਾਂ ਨੇ ਨਵੀਂ ਰਣਨੀਤੀ ਤੈਅ ਕਰਨ ਲਈ ਇੱਕ ਮੀਟਿੰਗ ਸੱਦ ਲਈ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਅੰਦਰ ਤਰੇੜਾਂ ਪਾਉਣੀਆਂ ਨਹੀਂ ਚਾਹੁੰਦੇ ਪਰ 60 ਤੋਂ 3 ਸੀਟਾਂ ਉੱਤੇ ਡਿੱਗਣ ਵਾਲੇ ਦਲ ਨੂੰ ਮੁੜ ਪੈਰਾਂ ਉੱਤੇ ਖੜੇ ਕਰਨ ਲਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਉਹ ਇਹ ਵੀ ਕਹਿੰਦੇ ਹਨ ਕਿ ਬਾਦਲਾਂ ਦੀ ਡੰਗ ਟਪਾਊ ਨੀਤੀ ਨਾਲ 2024 ਦੀਆਂ ਚੋਣਾਂ ਵੱਡਾ ਨੁਕਸਾਨ ਹੋਣ ਦਾ ਵੀ ਡਰ ਹੈ।

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦਾ ਨਵਾਂ ਢਾਂਚਾ ਖੜਾ ਕਰਨ ਦੀਆਂ ਅੰਦਰਖਾਤੇ ਤਿਆਰੀਆਂ ਚੱਲ ਰਹੀਆਂ ਹਨ। ਉਹ ਨਵੇਂ ਜਥੇਬੰਦਕ ਢਾਂਚੇ ਵਿੱਚ ਨੌਜਵਾਨਾਂ ਨੂੰ ਵਧੇਰੇ ਥਾਂ ਦੇਣ ਦੇ ਹੱਕ ਵਿੱਚ ਦੱਸੇ ਜਾ ਰਹੇ ਹਨ। ਚਰਚਾ ਇਹ ਵੀ ਹੈ ਕਿ ਦੋਵੇਂ ਧਿਰਾਂ ਅੰਦਰੋਂ ਅੰਦਰੀਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਆਪਣੇ ਨਾਲ ਜੋੜਨ ਲਈ ਘਰੋਂ ਨਿਕਲੀਆਂ ਹੋਈਆਂ ਹਨ। ਕਨਸੋਆਂ ਤਾਂ ਇਹ ਵੀ ਕੰਨੀਂ ਪੈ ਰਹੀਆਂ ਹਨ ਕਿ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਲਈ ਕਈ ਖਿੰਡਰੀ ਪੰਥਕ ਲੀਡਰਸ਼ਿਪ ਨੂੰ ਜੋੜਨ ਲਈ ਕੰਮ ਕਰਨ ਲੱਗੇ ਹਨ। ਜੇ ਬਾਦਲ ਦਲ ਨੂੰ ਛੱਡ ਕੇ ਬਾਕੀ ਦੀਆਂ ਪੰਥਕ ਧਿਰਾਂ ਇੱਕ ਮੰਚ ਉੱਤੇ ਜੁੜ ਬੈਠੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੱਡਾ ਵਖ਼ਤ ਪਾ ਸਕਦੇ ਹਨ।

ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਪੁਰਾਣਿਆਂ ਨੂੰ ਨਰਾਜ਼ ਕਰਕੇ ਅਤੇ ਨਵੇਂ ਚਿਹਰਿਆਂ ਨੂੰ ਅਹੁਦੇ ਦੇ ਕੇ ਅਕਾਲੀ ਦਲ ਮੁੜ ਪੈਰਾਂ ਸਿਰ ਖੜਾ ਹੋ ਜਾਵੇਗਾ ? ਕੀ ਨਵੇਂ ਜਥੇਬੰਦਕ ਢਾਂਚੇ ਦੇ ਗਠਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ, ਬਹਿਬਲ ਕਲਾਂ ਗੋਲੀ ਕਾਂਡ, ਸਿਰਸਾ ਮੁਖੀ ਨੂੰ ਮੁਆਫ਼ੀ ਦੇਣ, ਪੰਜਾਬ ਵਿੱਚ ਮਾਫੀਆ ਖੜਾ ਕਰਨ ਅਤੇ ਜਵਾਨੀ ਨੂੰ ਨਸ਼ਿਆਂ ਵਿੱਚ ਧੱਕਣ ਦੇ ਲੱਗਦੇ ਦੋਸ਼ਾਂ ਤੋਂ ਪੰਜਾਬੀ ਬਰੀ ਕਰ ਦੇਣਗੇ ?