ਗੁਰਦਾਸਪੁਰ : ਮਹਿਲਾਵਾਂ ਨਾਲ਼ ਲੁੱਟ ਹੋਣ ਦੀਆਂ ਕਈ ਵਾਰਦਾਤਾਂ ਸੁਣੀਆਂ ਹੋਣਗੀਆਂ ਪਰ ਗੁਰਦਾਸਪੁਰ ਤੋਂ ਇੱਕ ਹੈਰਾਨੀ ਜਨਕ ਮਸਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਪਹਿਲਾ ਜੰਗਲਾਤ ਵਿਭਾਗ ਤੋ ਸੇਵਾ ਮੁਕਤ ਹੋਏ ਅਫ਼ਸਰ ਨਾਲ ਵਿਆਹ ਕਰਵਾਇਆ ਅਤੇ 15 ਦਿਨਾਂ ਵਿੱਚ ਉਸ ਨੂੰ ਘਰ ਦੇ ਵਿੱਚ ਬੇਹੋਸ਼ ਕਰਕੇ ਨਗਦੀ ਅਤੇ ਗਹਿਣੇ ਲੈਕੇ ਫਰਾਰ ਹੋ ਗਈ l ਅਤੇ ਪਿਛਲੇ ਇਕ ਮਹੀਨੇ ਤੋਂ ਇਹ ਸੇਵਾ ਮੁਕਤ ਅਧਿਕਾਰੀ ਪੁਲਿਸ ਤੋਂ ਇਨਸਾਫ ਲੈਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਅਜੇ ਤੱਕ ਪੁਲਿਸ ਵਲੌ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ l
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸਦੇ ਬੱਚੇ ਵੀ ਵਿਦੇਸ਼ ਵਿੱਚ ਰਹਿੰਦੇ ਹਨ । ਪਤਨੀ ਦੀ ਮੌਤ ਤੋਂ ਬਾਅਦ ਉਹ ਘਰ ਵਿਚ ਇਕੱਲਾ ਰਹਿੰਦਾ ਸੀ l ਜਿਸ ਕਰਕੇ ਉਸਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਪਟਿਆਲਾ ਦੀ ਇੱਕ ਮਹਿਲਾ ਨਾਲ ਦੂਸਰਾ ਵਿਆਹ ਕਰ ਲਿਆ।
ਵਿਆਹ ਕਰਵਾਓਣ ਤੋ ਬਾਅਦ ਜਦੋਂ ਓਸਦੀ ਪਤਨੀ ਘਰ ਆ ਗਈ ਤਾਂ ਵਿਆਹ ਤੋਂ ਦੋ ਦਿਨ ਬਾਅਦ ਹੀ ਉਸਨੇ ਕਿਹਾ ਕਿ ਉਸਦੀ ਮਾਂ ਬਿਮਾਰ ਹੋ ਗਈ ਹੈ l ਜੋ ਪਟਿਆਲਾ ਦੇ ਇਕ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਇਹ ਕਹਿ ਕੇ ਉਹ ਆਪਣੇ ਪੇਕੇ ਪਟਿਆਲਾ ਚਲੀ ਗਈ ਅਤੇ ਉੱਥੇ ਜਾ ਕਿ ਉਸਨੇ ਇਲਾਜ਼ ਲਈ ਪੈਸਿਆਂ ਦੀ ਮੰਗ ਕੀਤੀ l
ਪਹਿਲੀ ਵਾਰ ਉਸਨੇ ਆਪਣੀ ਦੂਸਰੀ ਪਤਨੀ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਅਤੇ ਦੂਸਰੀ ਵਾਰ 1 ਲੱਖ ਰੁਪਏ ਅਤੇ ਫਿਰ 2 ਲੱਖ ਰੁਪਏ ਪਾਏ। ਇਸ ਤਰ੍ਹਾਂ ਉਸ ਨੇ 6 ਲੱਖ ਰੁਪਏ ਉਸਦੇ ਕੋਲੋਂ ਮੰਗਵਾ ਲਏ ਜਦੋਂ ਉਸ ਨੇ ਅੱਗੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਘਰ ਵਾਪਿਸ ਆ ਜਾਵੇ ਤਾਂ ਅਗਲੇ ਦਿਨ ਉਹ ਆਪਣੀ ਭੈਣ ਨਾਲ ਘਰ ਵਾਪਿਸ ਆ ਗਈ । ਅਗਲੇ ਦਿਨ ਉਸ ਦੀ ਭੈਣ ਨੇ ਕਿਹਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੀ ਹੈ ਅਤੇ ਉਸਦਾ ਡਰਾਈਵਰ ਉਸਨੂੰ ਅੰਮ੍ਰਿਤਸਰ ਛੱਡ ਆਇਆ ਅਤੇ ਅਗਲੀ ਰਾਤ ਉਸਦੀ ਦੂਸਰੀ ਪਤਨੀ ਨੇ ਉਸਨੂੰ ਰੋਟੀ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸਨੂੰ ਬੇਹੋਸ਼ ਕਰ ਦਿੱਤਾ ।
ਉਨਾਂ ਨੇ ਦੱਸਿਆ ਕਿ ਘਰ ਵਿੱਚ ਪਏ 6 ਤੋਲੇ ਸੋਨੇ ਦੇ ਗਹਿਣੇ 2 ਲੱਖ ਰੁਪਏ ਦੀ ਨਕਦੀ ਲੈਕੇ ਫਰਾਰ ਹੋ ਗਈ । ਉਹਨਾਂ ਦੱਸਿਆ ਕਿ ਉਸ ਨਾਲ ਕੁੱਲ 10 ਲੱਖ ਰੁਪਏ ਠੱਗੀ ਵੱਜੀ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ l ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਇਸ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ l
ਇਸ ਮਾਮਲੇ ਸੰਬੰਧੀ ਜਦੋਂ ਡੀਐਸਪੀ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਅਕਤੀ ਸਤਨਾਮ ਸਿੰਘ ਵਲੋਂ ਆਪਣੀ ਦੂਸਰੀ ਪਤਨੀ ਦੇ ਖਿਲਾਫ਼ ਧੋਖਾਧੜੀ ਨਾਲ ਲੁੱਟ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ