India International Punjab

ਭਾਰਤੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ‘ਚ ਕਣਕ ਦੇ ਭਾਅ ਵਿਗੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਕਣਕ ਦੀ ਬਰਾਮਦ ਉੱਤੇ ਲਾਈ ਗਈ ਰੋਕ ਨਾਲ ਭਾਰਤੀ ਅਤੇ ਅੰਤਰਰਾਸ਼ਟਰੀ ਬਜ਼ਾਰ ਬਹੁਤ ਪ੍ਰਭਾਵਿਤ ਹੋਏ ਹਨ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕਣਕ ਦੇ ਭਾਅ ਘੱਟ ਰਹੇ ਹਨ। ਪੰਜਾਬ ਵਿੱਚ ਕਣਕ ਦੀਆਂ ਕੀਮਤਾਂ 100-150 ਰੁਪਏ ਪ੍ਰਤੀ ਕੁਇੰਟਲ ਘਟੀਆਂ ਹਨ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ 100-250 ਰੁਪਏ ਪ੍ਰਤੀ ਕੁਇੰਟਲ ਕੀਮਤਾਂ ਵਿੱਚ ਕਮੀ ਆਈ ਹੈ।

ਦੁਨੀਆ ਵਿੱਚ 5 ਫੀਸਦ ਕਣਕ ਭਾਰਤ ਤੋਂ ਬਰਾਮਦ ਹੁੰਦੀ ਹੈ ਤੇ ਭਾਰਤ ਵੱਲੋਂ ਪਿਛਲੇ ਦਿਨੀਂ ਬਰਾਮਦ ਉੱਪਰ ਰੋਕ ਤੋਂ ਬਾਅਦ ਕੌਮਾਂਤਰੀ ਬਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਵੱਧ ਰਹੀਆਂ ਹਨ। ਰੂਸ ਅਤੇ ਯੂਕਰੇਨ ਵੀ ਕਣਕ ਬਰਾਮਦ ਕਰਦੇ ਹਨ ਅਤੇ ਇਨ੍ਹਾਂ ਦੇਸ਼ਾਂ ਦਰਮਿਆਨ ਜਾਰੀ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਕੀਮਤਾਂ ਹੋਰ ਵੀ ਪ੍ਰਭਾਵਿਤ ਹੋਈਆਂ ਹਨ।

ਕਈ ਦੇਸ਼ਾਂ ਨੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਹੈ। ਜੀ-7 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਜਰਮਨੀ ਨੇ ਕਿਹਾ ਸੀ ਕਿ ਭਾਰਤ ਦੇ ਫ਼ੈਸਲੇ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਚੀਨ ਨੇ ਭਾਰਤ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਹਾਲਾਤ ਲਈ ਜ਼ਿੰਮੇਵਾਰ ਦੱਸ ਕੇ ਮਸਲੇ ਹੱਲ ਨਹੀਂ ਹੋ ਸਕਦੇ। ਚੀਨ ਨੇ ਕਿਹਾ ਕਿ ਕੈਨੇਡਾ,ਅਮਰੀਕਾ,ਆਸਟ੍ਰੇਲੀਆ ਵਰਗੇ ਦੇਸ਼ ਵੀ ਕਣਕ ਬਰਾਮਦ ਕਰਦੇ ਹਨ ਅਤੇ ਕਣਕ ਦੀ ਕਮੀ ਵਰਗੇ ਹਾਲਾਤਾਂ ਨੂੰ ਸੁਧਾਰ ਸਕਦੇ ਹਨ।

ਦਰਅਸਲਭਾਰਤ ਨੇ 14 ਮਈ 2022 ਨੂੰ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਭਾਰਤ ਨੇ ਇਹ ਫੈਸਲਾ ਘਰੇਲੂ ਬਾਜ਼ਾਰ ‘ਚ ਕਣਕ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਲਿਆ ਸੀ। ਸਰਕਾਰ ਵੱਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਭਾਰਤ, ਗੁਆਂਢੀ ਦੇਸ਼ਾਂ ਅਤੇ ਹੋਰ ਲੋੜਵੰਦ ਦੇਸ਼ਾਂ ਦੀ ਖੁਰਾਕ ਸੁਰੱਖਿਆ ਨੂੰ ਖਤਰਾ ਹੈ।

ਸਰਕਾਰ ਨੇ ਕਿਹਾ ਸੀ ਕਿ ਇਹ ਕਦਮ ਦੇਸ਼ ਦੀ ਸਮੁੱਚੀ ਖੁਰਾਕ ਸੁਰੱਖਿਆ ਦਾ ਪ੍ਰਬੰਧਨ ਕਰਨ ਅਤੇ ਗੁਆਂਢੀ ਅਤੇ ਹੋਰ ਲੋੜਵੰਦ ਦੇਸ਼ਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ। ਹਾਲਾਂਕਿ, ਇਹ ਆਦੇਸ਼ ਪਹਿਲਾਂ ਤੋਂ ਹੀ ਇਕਰਾਰਨਾਮੇ ਵਾਲੇ ਨਿਰਯਾਤ ‘ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਇਜਾਜ਼ਤ ‘ਤੇ ਕੁਝ ਸ਼ਰਤਾਂ ਨਾਲ ਨਿਰਯਾਤ ਜਾਰੀ ਰਹੇਗਾ।

ਵਿਸ਼ਵੀ ਬਾਜ਼ਾਰ ਵਿੱਚ ਭਾਰਤੀ ਕਣਕ ਦੀ ਮੰਗ ਵਿੱਚ ਵਾਧਾ ਲਗਾਤਾਰ ਜਾਰੀ ਹੈ, ਜਿਸਨੂੰ ਦੇਖਦਿਆਂ ਕਿਸਾਨਾਂ, ਵਪਾਰੀਆਂ ਅਤੇ ਬਰਾਮਦਕਾਰਾਂ ਨੂੰ ਆਯਾਤ ਕਰਨ ਵਾਲੇ ਦੇਸ਼ਾਂ ਦੇ ਸਾਰੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤ ਵੱਲੋਂ ਅਚਨਚੇਤ ਕਣਕ ਦੀ ਬਰਾਮਦਗੀ ਉੱਪਰ ਰੋਕ ਤੋਂ ਬਾਅਦ ਦੇਸ਼ ਵਿੱਚ ਕਈ ਬੰਦਰਗਾਹਾਂ ਨਜ਼ਦੀਕ ਕਣਕ ਦੇ ਟਰੱਕ ਅਤੇ ਸਮੁੰਦਰੀ ਜਹਾਜ਼ ਫਸੇ ਹੋਏ ਹਨ।