Punjab

ਚੰਡੀਗੜ੍ਹ ’ਚ ਧੂੰਏ ਕਾਰਨ ਲੱਗੀਆਂ ਪਾਬੰਦੀਆਂ, ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ

ਚੰਡੀਗੜ੍ਹ ਦੀ ਆਬੋਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) 450 ਤੱਕ ਪਹੁੰਚ ਗਿਆ ਹੈ। ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਅੱਖਾਂ ਵਿੱਚ ਜਲਨ ਹੁੰਦੀ ਹੈ। ਇਸ ਮੌਸਮ ਵਿੱਚ ਸਾਹ ਲੈਣਾ 25 ਤੋਂ 30 ਸਿਗਰਟਾਂ ਪੀਣ ਵਾਂਗ ਹੈ। ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।। ਇਸ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ ‘ਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਚੰਡੀਗੜ੍ਹ ਸਿਹਤ ਵਿਭਾਗ ਨੇ ਇੱਕ ਅਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸ਼ਹਿਰ ਵਿੱਚ ਮਾਸਕ ਪਾਉਣਾ ਜ਼ਰੂਰੀ ਕੀਤਾ ਹੈ।

ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਚੰਡੀਗੜ੍ਹ ਦੂਜੇ ਨੰਬਰ ‘ਤੇ ਹੈ ਅਤੇ ਚੰਡੀਗੜ੍ਹ ਪਿਛਲੇ ਹਫ਼ਤੇ ਤੋਂ ਲਗਾਤਾਰ ਰੈਡ ਜ਼ੋਨ ਵਿੱਚ ਸ਼ਾਮਲ ਹੈ। ਇਸਦੇ ਮੱਦੇਨਜ਼ਰ ਹੀ ਪ੍ਰਸ਼ਾਸਨ ਨੇ ਬੀਤੇ ਕੱਲ੍ਹ ਡੀਜ਼ਲ ਜਨਰੇਟਰ ਸੈੱਟ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ।

ਅਡਵਾਈਜ਼ਰੀ ਵਿੱਚ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਵੀ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਵੇਖੋ ਅਡਵਾਈਜ਼ਰੀ ਦੀਆਂ ਹੋਰ ਗੱਲਾਂ :

  • ਸਵੇਰੇ-ਸ਼ਾਮ ਦੌੜ ਜਾਂ ਕੋਈ ਹੋਰ ਸਰੀਰਕ ਕਸਰਤ ਨਾ ਕੀਤੀ ਜਾਵੇ।
  • ਦੁਪਹਿਰ 12 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਘਰਾਂ ਦੀਆਂ ਖਿੜਕੀਆਂ-ਦਰਵਾਜ਼ੇ ਬੰਦ ਰੱਖੇ ਜਾਣ।
  • ਲੱਕੜ, ਕੋਲਾ, ਮਿੱਟੀ ਦਾ ਤੇਲ ਆਦਿ ਸਾੜਨ ਤੋਂ ਬਚਿਆ ਜਾਵੇ।
  • ਫੇਫੜਿਆਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਵਿਸ਼ੇਸ਼ ਸਾਵਧਾਨੀਆਂ ਵਰਤਣ।
  • ਬੀੜੀ ਅਤੇ ਸਿਗਰਟ ਪੀਣ ਤੋਂ ਬਚਣ ਦੀ ਅਪੀਲ।
  • ਘਰਾਂ ‘ਚ ਰੂਮ ਫਰੈਸ਼ਨਰ, ਮੱਛਰ ਭਜਾਉਣ ਵਾਲੇ ਕੋਇਲਾਂ ਅਤੇ ਧੂਪ ਸਟਿੱਕਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।
  • ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਇਆ ਜਾਵੇ। ਜਲਣ ਹੋਣ ਦੀ ਸੂਰਤ ਵਿੱਚ ਡਾਕਟਰ ਨਾਲ ਕੀਤਾ ਜਾਵੇ ਸੰਪਰਕ।