Punjab

ਮਨੁੱਖੀ ਅੰਗਾਂ ਦੀ ਤਸਕਰੀ ਦਾ ਖੌਫ: ਸੰਗਰੂਰ ਦੇ ਪਿੰਡ ਕਾਕੜਾਂ ਵਾਸੀਆਂ ਨੇ ਸਿਹਤ ਕਰਮੀਆਂ ਦੇ ਪਿੰਡ ਵੜਨ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ:- ਸੂਬੇ ‘ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਕੇਸਾਂ ਨੂੰ ਦੇਖਦਿਆਂ ਲੋਕਾਂ ਵੱਲੋਂ ਸਿਹਤ ਵਿਭਾਗ ਦੇ ਪ੍ਰਬੰਧਾਂ ‘ਤੇ ਅਕਸਰ ਹੀ ਸੁਆਲ ਉੱਠਦੇ ਰਹਿੰਦੇ ਹਨ। ਕਦੇ ਕੋਰੋਨਾ ਦੀ ਟੈਸਟਿੰਗ ਨੂੰ ਲੈ ਕੇ,  ਕਦੇ ਸਿਹਤ ਵਿਭਾਗ ਦੇ ਪ੍ਰਬੰਧਾਂ ਤੋਂ ਨਾਰਾਜ਼ ਜਾਂ ਇਹ ਕਹਿ ਲਈਏ ਕਿ ਕੋਰੋਨਾ ਦੇ ਡਰ ਕਾਰਨ ਲੋਕਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ਵਿੱਚ ਦਾਖਲ ਹੋਣ ‘ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਹੁਣ ਸੰਗਰੂਰ ਵਿੱਚ ਪੈਂਦੇ ਪਿੰਡ ਕਾਕੜਾਂ ਦੇ ਇੱਕਠੇ ਹੋਏ ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਸਾਫ ਇਨਕਾਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦੇਣਗੇ।

ਪਿੰਡ ਵਾਸੀਆਂ ਨੇ ਕਿਹਾ ਕਿ ਕੋਰੋਨਾ ਕਾਰਨ ਮਨੁੱਖੀ ਅੰਗਾਂ ਦੀ ਤਸਕਰੀ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਜੇਕਰ ਕਿਸੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਜਾਂਦੀ ਹੈ, ਤਾਂ ਉਹ ਉਸ ਵਿਅਕਤੀ ਨੂੰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਜਾਂ ਪਿੰਡ ਦੇ ਸਕੂਲ ਵਿੱਚ ਹੀ ਇਕਾਂਤਵਾਸ ਰੱਖਣਗੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਂਦੀ ਹੈ ਤਾਂ ਉਹ PPE  ਕਿੱਟਾਂ ਪਾ ਕੇ ਮ੍ਰਿਤਕ ਦਾ ਪੋਸਟਮਾਰਟਮ ਆਪਣੀਆਂ ਅੱਖਾਂ ਸਾਹਮਣੇ ਹੀ ਕਰਵਾਉਣਗੇ ਅਤੇ ਸਸਕਾਰ ਵੀ ਪਿੰਡ ਵਿੱਚ ਹੀ ਕਰਨਗੇ।