ਬਿਉਰੋ ਰਿਪੋਰਟ: ਪਿਛਲੇ ਸਮੇਂ ਵਿੱਚ ਜਦੋਂ ਸਰਕਾਰ ਨੇ 2000 ਦੇ ਨੋਟਾਂ ਦੀ ਨੋਟਬੰਦੀ ਕੀਤੀ ਤਾਂ ਭਾਰਤੀ ਰਿਜ਼ਰਵ ਬੈਂਕ (RBI) ਨੇ ਬਾਜ਼ਾਰ ਵਿੱਚ ਸਾਰੇ 2000 ਦੇ ਨੋਟ ਵਾਪਸ ਲੈ ਲਏ। ਖ਼ਬਰ ਹੈ ਕਿ ਹੁਣ ਰਿਜ਼ਰਵ ਬੈਂਕ ਨੇ ਕਰੀਬ 137 ਕਰੋੜ ਰੁਪਏ ਦੇ 200 ਦੇ ਨੋਟ ਬਾਜ਼ਾਰ ਤੋਂ ਹਟਾ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪਿਛਲੇ 6 ਮਹੀਨੇ ਵਿੱਚ ਪੂਰੀ ਕੀਤੀ ਗਈ ਹੈ।
ਇਸ ਕਾਰਵਾਈ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਨੋਟ ਬੰਦ ਨਹੀਂ ਕੀਤੇ ਹਨ, ਬਲਕਿ ਇਸ ਕਰੰਸੀ ਦੇ ਨੋਟਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ। ਕੁਝ ਨੋਟ ਮਾੜੀ ਹਾਲਤ ਵਿੱਚ ਸਨ ਤੇ ਕੁਝ ਨੋਟਾਂ ਉੱਤੇ ਕੁਝ ਲਿਖਿਆ ਹੋਣ ਕਰਕੇ ਇਨ੍ਹਾਂ ਨੂੰ ਪ੍ਰਚਲਨ ਤੋਂ ਬਾਹਰ ਕਰਨਾ ਪਿਆ। ਇਸ ਲਈ ਇਨ੍ਹਾਂ ਨੂੰ ਬਾਜ਼ਾਰ ਤੋਂ ਵਾਪਿਸ ਲੈ ਲਿਆ ਗਿਆ ਹੈ। ਰਿਜ਼ਰਵ ਬੈਂਕ ਨੇ ਆਪਣੀ ਛਿਮਾਹੀ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਵਾਰ 200 ਰੁਪਏ ਦੇ ਨੋਟ ਵਿੱਚ ਸਭ ਤੋਂ ਜ਼ਿਆਦਾ ਨੁਕਸ ਦੇਖਣ ਨੂੰ ਮਿਲੇ ਹਨ।
ਯਾਦ ਰਹੇ ਪਿਛਲੇ ਸਾਲ ਵੀ RBI ਨੇ 135 ਕਰੋੜ ਰੁਪਏ ਦੇ 200 ਰੁਪਏ ਦੇ ਨੋਟ ਸਰਕੂਲੇਸ਼ਨ ਤੋਂ ਬਾਹਰ ਕੀਤੇ ਸਨ। ਉਦੋਂ ਵੀ ਇਸ ਦਾ ਕਾਰਨ ਨੋਟਾਂ ਦੀ ਮਾੜੀ ਹਾਲਤ ਹੀ ਦੱਸਿਆ ਗਿਆ ਸੀ। ਹਾਲਾਂਕਿ ਜੇ ਮੁੱਲ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਨੁਕਸਾਨੇ ਗਏ ਨੋਟ 500 ਰੁਪਏ ਦੇ ਹਨ।
ਇਸ ਸਬੰਧੀ ਬੈਂਕਿੰਗ ਮਾਹਿਰਾਂ ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ ਦੀ ਨੋਟਬੰਦੀ ਤੋਂ ਬਾਅਦ 200 ਰੁਪਏ ਦੇ ਨੋਟਾਂ ਦੀ ਵਰਤੋਂ ਵਧ ਗਈ ਹੈ। ਇਹੀ ਕਾਰਨ ਹੈ ਕਿ ਇਸ ਵਾਰ 200 ਰੁਪਏ ਦੀ ਕਰੰਸੀ ਵੱਡੀ ਗਿਣਤੀ ਵਿੱਚ ਖ਼ਰਾਬ ਹੋ ਗਈ ਅਤੇ ਵਾਪਸ ਮੰਗਵਾਈ ਗਈ।