Punjab

ਅੰਮ੍ਰਿਤਸਰ ‘ਚ ਗੁਰਦੇ ਦੀ ਬਿਮਾਰੀ ਤੋਂ ਪੀੜਤ 8 ਸਾਲਾ ਬੱਚੇ ਦਾ ਰੈਸਕਿਊ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਾਏ ਦਾਦੂ ਵਿੱਚ ਹੜ੍ਹ ਦੀ ਤਬਾਹੀ ਦੌਰਾਨ 8 ਸਾਲ ਦੇ ਅਵੀਜੋਤ ਦੀ ਦੁਖਦਾਈ ਕਹਾਣੀ ਸਾਹਮਣੇ ਆਈ। ਅਵੀਜੋਤ, ਜੋ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਹੜ੍ਹ ਦੇ ਪਾਣੀ ਕਾਰਨ ਲੰਬੇ ਸਮੇਂ ਤੋਂ ਹਸਪਤਾਲ ਨਹੀਂ ਪਹੁੰਚ ਸਕਿਆ। ਇਸ ਨੇ ਉਸ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ। ਉਸ ਦੇ ਪਰਿਵਾਰ ਦੀ ਦੁਰਦਸ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚੀ।

ਮੁੱਖ ਮੰਤਰੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਟਵੀਟ ਕਰਕੇ ਐਲਾਨ ਕੀਤਾ ਕਿ ਅਵੀਜੋਤ ਦਾ ਪੂਰਾ ਇਲਾਜ ਸਰਕਾਰ ਦੀ ਜ਼ਿੰਮੇਵਾਰੀ ਹੋਵੇਗਾ ਅਤੇ ਇਹ ਮੁਫਤ ਹੋਵੇਗਾ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਵਿਸ਼ੇਸ਼ ਟੀਮ ਭੇਜੀ, ਜਿਸ ਨੇ ਕਿਸ਼ਤੀ ਦੀ ਮਦਦ ਨਾਲ ਅਵੀਜੋਤ ਨੂੰ ਸੁਰੱਖਿਅਤ ਘਰੋਂ ਕੱਢ ਕੇ ਹਸਪਤਾਲ ਪਹੁੰਚਾਇਆ। ਏਮਜ਼ ਦੀ ਮਾਹਰ ਡਾਕਟਰਾਂ ਦੀ ਟੀਮ ਨੇ ਅਵੀਜੋਤ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਸਾਰੇ ਟੈਸਟ ਦੁਬਾਰਾ ਕਰਕੇ ਇਲਾਜ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਮੁਫਤ ਹੈ। ਅਵੀਜੋਤ ਦੇ ਪਿਤਾ ਜਸਬੀਰ ਸਿੰਘ ਨੇ ਮੁੱਖ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ, ਕਿਹਾ ਕਿ ਉਨ੍ਹਾਂ ਨੇ ਬੱਚੇ ਦੀ ਜਾਨ ਬਚਾਉਣ ਲਈ ਤੁਰੰਤ ਕਦਮ ਚੁੱਕੇ। ਅੰਮ੍ਰਿਤਸਰ ਦੇ ਸਿਵਲ ਸਰਜਨ ਨੇ ਵੀ ਪੁਸ਼ਟੀ ਕੀਤੀ ਕਿ ਅਵੀਜੋਤ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਉਸ ਨੂੰ ਸਭ ਤੋਂ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।