‘ਦ ਖ਼ਾਲਸ ਬਿਊਰੋ :- ਨਿਊਜ਼ ਚੈਨਲਾਂ ‘ਚ ਚਲਾਈ ਜਾ ਰਹੀ ਹੈ ਫਰਜ਼ੀ TRP ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ ਵਿੱਚੋਂ ਤਿੰਨ ਰਿਪਬਲਿਕ ਟੀਵੀ ਦੇ ਅਧਿਕਾਰੀਆਂ ਨੂੰ ਮੈਜਿਸਟਰੇਟ ਦੇ ਸਾਹਮਣੇ ਨਾਮਜਦ ਕੀਤਾ ਗਿਆ ਹੈ। ਤਿੰਨਾਂ ਨੇ ਕਿਹਾ ਕਿ ਇਹ ਲੋਕ TRP ਦੀ ਖੇਡ ਵਿੱਚ ਸ਼ਾਮਲ ਹਨ। ਤਿੰਨਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਇੱਕ ਰੈਕੇਟ ਦਾ ਹਿੱਸਾ ਦੱਸਿਆ ਅਤੇ ਕਿਹਾ ਕਿ ਲੋਕਾਂ ਨੂੰ ਤੈਅ ਚੈਨਲ ਦੇਖਣ ਦੇ ਬਦਲੇ ਪੈਸੇ ਦਿੱਤੇ ਜਾਂਦੇ ਸਨ। ਇੱਕ ਅੰਗ੍ਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਇਹ ਗੱਲਾਂ ਦੱਸੀਆਂ ਜੋ ਆਰੋਪੀਆਂ ਨੇ ਕਹੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਕੀਤਾ ਜਾਵੇਗਾ।
ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਪਰਮਬੀਰ ਸਿੰਘ ਨੇ ਕਿਹਾ ਕਿ ਇੱਕ ਹੋਰ ਗਵਾਹ ਨੇ ਬਾਕਸ ਸਿਨੇਮਾ ਖਿਲਾਫ ਬਿਆਨ ਦਿੱਤਾ ਹੈ। ਬਿਆਨ ਦੇਣ ਵਾਲੇ ਤਿੰਨ ਮੁਲਜ਼ਮਾਂ ਵਿਚੋਂ ਇੱਕ ਹੰਸਾ ਰਿਸਰਚ ਦਾ ਕਰਮਚਾਰੀ ਵੀ ਹੈ। ਕਮਿਸ਼ਨਰ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਵਿੱਚ ਇੱਕ ਮੈਜਿਸਟਰੇਟ ਸਾਹਮਣੇ ਪੁੱਛ ਪੜਤਾਲ ਕੀਤੀ ਜਾਂਦੀ ਹੈ।
ਰਿਪਬਲਿਕ ਦੇ ਦੋ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ
ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਸਹਾਇਕ ਇੰਸਪੈਕਟਰ ਸਚਿਨ ਵਾਜੇ ਨੇ ਰਿਪਬਲਿਕ ਟੀਵੀ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਅਭਿਸ਼ੇਕ ਕਪੂਰ ਤੋਂ ਤਿੰਨ ਘੰਟੇ ਪੁੱਛਗਿੱਛ ਕੀਤੀ ਸੀ ਅਤੇ 14 ਅਕਤੂਬਰ ਨੂੰ ਚੈਨਲ ਦੇ ਕਾਰਜਕਾਰੀ ਸੰਪਾਦਕ ਨਿਰੰਜਨ ਨਾਰਾਇਣ ਸਵਾਮੀ ਦਾ ਬਿਆਨ ਦਰਜ ਕੀਤਾ ਗਿਆ ਸੀ।
ਸੁਪਰੀਮ ਕੋਰਟ ਨੇ ਅਰਨਬ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
15 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਅਰਨਬ ਤੇ ਰਿਪਬਲਿਕ ਟੀਵੀ ਵੱਲੋਂ ਦਾਇਰ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਹਾਈ ਕੋਰਟ ਵਿੱਚ ਅਪੀਲ ਕਰਨ ਲਈ ਕਿਹਾ ਸੀ। ਪਟੀਸ਼ਨ ਵਿੱਚ ਪੁਲਿਸ ਸੰਮਨ ‘ਤੇ ਰੋਕ ਦੀ ਮੰਗ ਕੀਤੀ ਗਈ ਸੀ। ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ, “ਸਾਨੂੰ ਹਾਈ ਕੋਰਟ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਹਾਈ ਕੋਰਟ ਦੇ ਦਖਲ ਤੋਂ ਬਿਨਾਂ ਸੁਣਵਾਈ ਗ਼ਲਤ ਸੰਦੇਸ਼ ਦਿੰਦੀ ਹੈ।”
TRP ਖੇਡ ਕਿਵੇਂ ਚੱਲ ਰਹੀ ਸੀ?
ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ TRP ਧੋਖਾਧੜੀ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਅਜਿਹੇ ਮਕਾਨ ਮਿਲੇ ਹਨ, ਜਿਥੇ TRP ਮੀਟਰ ਲਗਾ ਕੇ ਦਿਨ ਭਰ ਸਿਰਫ ਇੱਕ ਚੈਨਲ ਚਲਾਇਆ ਜਾਂਦਾ ਸੀ, ਤਾਂ ਜੋ ਇਸ ਦੀ TRP ਵਧੇ। ਇਸਦੇ ਬਦਲੇ, ਮਕਾਨ ਮਾਲਕ ਜਾਂ ਚੈਨਲ ਚਲਾਉਣ ਵਾਲੇ ਨੂੰ ਇੱਕ ਦਿਨ ਵਿੱਚ 500 ਰੁਪਏ ਦਿੱਤੇ ਗਏ। ਇੱਥੇ ਬਹੁਤ ਸਾਰੇ ਘਰ ਸਨ, ਜੋ ਕਿ ਕਈ ਦਿਨਾਂ ਤੋਂ ਬੰਦ ਸਨ, ਉੱਥੇ ਵੀ ਟੀਵੀ ਚੱਲ ਰਹੇ ਸੀ। ਹੰਸਾ ਏਜੰਸੀ ਨੂੰ ਮੁੰਬਈ ਵਿੱਚ ਪੀਪਲਜ਼ ਮੀਟਰ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਏਜੰਸੀ ਦੇ ਕੁੱਝ ਲੋਕਾਂ ਨੇ ਚੈਨਲ ਦੇ ਸਹਿਯੋਗ ਨਾਲ ਇਹ ਖੇਡ ਕੀਤੀ।