ਨਵੀਂ ਦਿੱਲੀ : ਕੇਂਦਰ ਸਰਕਾਰੀ ਦੀ ਕਿਸਾਨਾਂ ਦੇ ਆਦਮਨ ਦੁੱਗਣੀ ਕਰਨ ਦੇ ਦਾਅਵਿਆਂ ਦੋ ਵਿਚਾਲੇ ਇੱਕ ਨਵੀਂ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਿਗਿਆਨ ਤੇ ਵਾਤਾਵਰਨ ਕੇਂਦਰ (CSE) ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 2021 ’ਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਵੱਧ ਹੈ।
ਕੇਂਦਰ ਸਰਕਾਰ ਵਾਰ-ਵਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰ ਰਹੀ ਹੈ, ਪਰ ਹਾਲਤਾ ਇਹ ਹੈ ਕਿ ਕਿਸਾਨ ਖੇਤੀ ਨਾਲ ਆਪਣਾ ਗੁਜ਼ਾਰਾ ਕਰਨ ਵਿਚ ਵੀ ਸਫ਼ਲ ਨਹੀਂ ਹੋ ਸਕੇ ਹਨ ਤੇ ਖ਼ੁਦਕੁਸ਼ੀਆਂ ਕਰ ਰਹੇ ਹਨ।
ਰਿਪੋਰਟ ਦੇ ਵੇਰਵਿਆਂ ਮੁਤਾਬਕ 2021 ਵਿਚ ਖੇਤੀ ਖੇਤਰ ਨਾਲ ਜੁੜੇ ਕੁੱਲ 10,881 ਲੋਕਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਇੰਨਾ ਹੀ ਨਹੀਂ 2021 ਵਿਚ ਹਰ ਰੋਜ਼ ਕਰੀਬ 30 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਕਰਨੀਆਂ ਪਈਆਂ ਹਨ। ਸੰਨ 2020-21 ਵਿਚਾਲੇ ਨੌਂ ਸੂਬਿਆਂ ਵਿਚ ਕਿਸਾਨ ਖ਼ੁਦਕੁਸ਼ੀਆਂ ਵਧੀਆਂ ਹਨ। ਅਸਾਮ ਵਿਚ ਇਸ ਵਕਫ਼ੇ ਦੌਰਾਨ ਖ਼ੁਦਕੁਸ਼ੀਆਂ ਵਿਚ ਕਰੀਬ 13 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਪਿਛਲੇ ਕਾਰਨਾਂ ਬਾਰੇ ਚੁੱਪ ਹੈ।
2016-17 ਵਿਚ ਸਰਕਾਰੀ ਦੀ ਇੱਕ ਰਿਪੋਰਟ ਵਿੱਚ ਕਿਸਾਨਾਂ ਦੀ ਮਾੜੀ ਹਾਲਤ ਲਈ ਮੌਨਸੂਨ ਦੇ ਅੱਗੇ-ਪਿੱਛੇ ਹੋਣ ਕਾਰਨ ਕਈ ਵਾਰ ਫ਼ਸਲ ਖਰਾਬ ਹੋਣਾ, ਜਲ ਸਰੋਤਾਂ ਦੀ ਘਾਟ ਤੇ ਨਦੀਨਾਂ ਦੇ ਹਮਲੇ/ਬੀਮਾਰੀਆਂ ਆਦਿ ਜਿੰਮੇਵਾਰ ਕਾਰਨ ਦੱਸੇ ਗਏ।