‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਰਕਾਰ ਨੇ ਮੁੜ ਕਿਸਾਨੀ ਅੰਦੋਲਨ ‘ਤੇ ਕਰੋਨਾ ਮਹਾਂਮਾਰੀ ਫੈਲਾਉਣ ਦਾ ਦੋਸ਼ ਲਾਇਆ ਹੈ। ਹਰਿਆਣਾ ਸਰਕਾਰ ਨੇ ਪਿੰਡਾਂ ਵਿੱਚ ਵੱਧਦੇ ਕਰੋਨਾ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਰਿਆਣਾ ਸਰਕਾਰ ਨੇ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ, ਜਿਸ ਵਿੱਚ ਮੌਤਾਂ ਦੇ ਅੰਕੜੇ ਜਾਰੀ ਕੀਤੇ ਹਨ। ਰਿਪੋਰਟ ਵਿੱਚ ਵੱਖ-ਵੱਖ ਪਿੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ 20 ਅਪ੍ਰੈਲ ਤੋਂ 11 ਮਈ 2020 ਅਤੇ 2021 ਤੱਕ ਮੌਤਾਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਸੋਨੀਪਤ, ਕੁੰਡਲੀ ਬਾਰਡਰ ਦੇ 13 ਪਿੰਡਾਂ ਦਾ ਜ਼ਿਕਰ ਕੀਤਾ ਗਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰਿੰਸੀਪਲ ਮੀਡੀਆ ਐਡਵਾਈਜ਼ਰ ਨੇ ਕਿਹਾ ਕਿ ਜ਼ਿੰਦਗੀ ਤੋਂ ਵੱਡਾ ਕੋਈ ਅੰਦੋਲਨ ਨਹੀਂ ਹੈ। ਕਿਸਾਨਾਂ ਦੀ ਇਹ ਜ਼ਿੱਦ ਹੈ ਕਿਉਂਕਿ ਦੁਨੀਆ ਵਿੱਚ ਹੋਰ ਵੀ ਲੋਕ ਹਨ, ਤੁਸੀਂ ਉਨ੍ਹਾਂ ਦੀ ਜਾਨ ਦਾ ਦੁਸ਼ਮਣ ਕਿਉਂ ਬਣੇ ਹੋਏ ਹੋ। ਉਨ੍ਹਾਂ ਨੇ ਕਿਹਾ ਕਿ ਸੋਨੀਪਤ, ਕੁੰਡਲੀ ਬਾਰਡਰ ਦੇ 13 ਪਿੰਡਾਂ ਵਿੱਚ ਪਿਛਲੇ ਮਹੀਨੇ 189 ਲੋਕਾਂ ਦੀ ਕਰੋਨਾ ਕਾਰਨ ਮੌਤ ਹੋਈ ਹੈ।
- ਕਰਨਾਲ ਦੇ 4 ਪਿੰਡ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹਨ। ਇਨ੍ਹਾਂ ਚਾਰ ਪਿੰਡਾਂ ਵਿੱਚ 1 ਮਹੀਨੇ ਤੋਂ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਸਿਸਾਨਾ, ਬਰੋਦਾ, ਬੁਟਾਨਾ, ਖਾਨਪੁਰ ਵਿੱਚ 1 ਮਹੀਨੇ ਵਿੱਚ 86 ਮੌਤਾਂ ਹੋਈਆਂ ਹਨ।
- ਕੈਥਲ ਵਿੱਚ 6 ਪਿੰਡਾਂ ਦੇ ਕਿਸਾਨ ਸ਼ਾਮਿਲ ਸਨ। ਇਨ੍ਹਾਂ ਪਿੰਡਾਂ ਵਿੱਚ ਇਸ ਸਾਲ 34 ਲੋਕਾਂ ਦੀ ਮੌਤ ਹੋਈ ਹੈ ਅਤੇ ਪਿਛਲੇ ਸਾਲ 35 ਲੋਕਾਂ ਦੀ ਮੌਤ ਹੋਈ ਸੀ। 35 ਲੋਕਾਂ ਵਿੱਚੋਂ 5 ਕਰੋਨਾ ਪਾਜ਼ੀਟਿਵ ਮਰੀਜ਼ ਵੀ ਸ਼ਾਮਿਲ ਸਨ।
- ਜੀਂਦ ਵਿੱਚ 13 ਪਿੰਡਾਂ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਵਿੱਚ ਭਾਗ ਲਿਆ ਸੀ। ਇਨ੍ਹਾਂ ਪਿੰਡਾਂ ਵਿੱਚੋਂ ਪਿਛਲੇ ਸਾਲ 60 ਅਤੇ ਇਸ ਸਾਲ 156 ਲੋਕਾਂ ਦੀ ਮੌਤ ਹੋਈ ਹੈ।
- ਝੱਜਰ ਦੇ 9 ਪਿੰਡਾਂ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਵਿੱਚ ਭਾਗ ਲਿਆ ਸੀ। ਇਨ੍ਹਾਂ ਪਿੰਡਾਂ ਵਿੱਚ ਪਿਛਲੇ ਸਾਲ 52 ਅਤੇ ਇਸ ਸਾਲ 114 ਲੋਕਾਂ ਦੀ ਮੌਤ ਹੋਈ ਹੈ।
- ਭਿਵਾਨੀ ਦੇ 3 ਪਿੰਡਾਂ ਵਿੱਚ ਪਿਛਲੇ ਸਾਲ 15 ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਸਾਲ 23 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਦੋ ਕਰੋਨਾ ਪਾਜ਼ੀਟਿਵ ਸਨ।