ਬਿਊਰੋ ਰਿਪੋਰਟ (ਅੰਮ੍ਰਿਤਸਰ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸਰਬਸਾਂਝਾ ਕੇਂਦਰ ਹੈ, ਜਿਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਰੋਜ਼ਾਨਾ ਨਤਮਸਤਕ ਹੁੰਦੀਆਂ ਹਨ। ਇਸ ਅਸਥਾਨ ’ਤੇ ਧਮਾਕੇ ਕਰਨ ਦੀਆਂ ਧਮਕੀਆਂ ਸਬੰਧੀ ਲਗਾਤਾਰ ਆ ਰਹੀਆਂ ਈਮੇਲਾਂ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 14 ਜੁਲਾਈ ਤੋਂ ਲਗਾਤਾਰ ਈਮੇਲਾਂ ਆ ਰਹੀਆਂ ਹਨ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਦੁੱਖ ਦੀ ਗੱਲ ਹੈ ਕਿ ਅਜੇ ਤੀਕ ਇਹ ਈਮੇਲਾਂ ਭੇਜਣ ਵਾਲੇ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਕਿਹਾ ਕਿ ਇਹ ਵੱਡਾ ਸਵਾਲ ਹੈ ਕਿ ਆ ਰਹੀਆਂ ਈਮੇਲਾਂ ਕੇਵਲ ਕਿਸੇ ਸ਼ੈਤਾਨੀ ਦਿਮਾਗ ਦੀ ਸ਼ਰਾਰਤ ਹੈ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ। ਉਨ੍ਹਾਂ ਕਿਹਾ ਕਿ ਕਿਤੇ ਸਰਬਸਾਂਝੀਵਾਲਤਾ ਦੇ ਇਸ ਪਾਵਨ ਕੇਂਦਰ ਵਿਖੇ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਦੇ ਅੰਦਰ ਡਰ ਪੈਦਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ, ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਜ਼ੁੰਮੇਵਾਰੀ ਹੈ ਕਿ ਉਹ ਤੁਰੰਤ ਇਹ ਪਤਾ ਲਗਾਏ ਕਿ ਇਹ ਈਮੇਲਾਂ ਕਿਸ ਥਾਂ ਤੋਂ ਆ ਰਹੀਆਂ ਹਨ ਅਤੇ ਇਸ ਲਈ ਕਿਸ ਸਰਵਰ, ਆਈਪੀ ਐਡਰੈਸ ਤੇ ਦੇਸ਼ ਦੀ ਵਰਤੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 15 ਅਤੇ 16 ਜੁਲਾਈ ਨੂੰ ਆਈਆਂ ਈਮੇਲਾਂ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵੀ ਭੇਜੀਆਂ ਗਈਆਂ ਹਨ, ਪਰ ਉਨ੍ਹਾਂ ਵੱਲੋਂ ਇਸ ’ਤੇ ਚੁੱਪੀ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਈਮੇਲਾਂ ਅਹਿਮ ਸ਼ਖ਼ਸੀਅਤਾਂ ਦੇ ਨਾਵਾਂ ਦੀ ਦੁਰਵਰਤੋਂ ਕਰਕੇ ਭੇਜੀਆਂ ਜਾ ਰਹੀਆਂ ਹਨ, ਪਰ ਸਰਕਾਰ ਵੱਲੋਂ ਅਜੇ ਤੀਕ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਇਸ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਨਾਂ ’ਤੇ ਬਣਾਏ ਗਏ ਸੋਸ਼ਲ ਮੀਡੀਆ ’ਤੇ ਜਾਅਲੀ ਖ਼ਾਤਿਆਂ ਬਾਰੇ ਪਹਿਲਾਂ ਵੀ ਕਈ ਵਾਰ ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਹਨ, ਪਰ ਸਾਈਬਰ ਸੈੱਲ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਇਹ ਦਰਸਾਉਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਸਿੱਖ ਸੰਸਥਾ ਦੇ ਸਰੋਕਾਰਾਂ ਪ੍ਰਤੀ ਸੰਜੀਦਾ ਪਹੁੰਚ ਨਹੀਂ ਰੱਖਦੀਆਂ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸੁਹਿਰਦਤਾ ਨਾਲ ਆਪਣੀ ਜ਼ੁੰਮੇਵਾਰੀ ਨਿਭਾਅ ਰਹੀ ਹੈ ਅਤੇ ਪ੍ਰਬੰਧਕਾਂ ਵੱਲੋਂ ਪੂਰੀ ਮੁਸਤੈਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਸਮੇਂ ਕਿਸੇ ਤਰ੍ਹਾਂ ਦਾ ਵੀ ਡਰ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਹਮੇਸ਼ਾ ਦੀ ਤਰ੍ਹਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਪੁੱਜ ਰਹੀਆਂ ਹਨ।