Punjab

ਆਮ ਲੋਕਾਂ ਨੂੰ ਰਾਹਤ , ਮੁੱਖ ਮੰਤਰੀ ਮਾਨ ਨੇ ਕਰਵਾਇਆ ਇੱਕ ਹੋਰ ਟੋਲ ਪਲਾਜ਼ਾ ਬੰਦ

Relief to the common people Chief Minister Mann has closed another toll plaza

ਮੋਗਾ : ਪੰਜਾਬ ਵਿੱਚ ਅੱਜ ਇੱਕ ਹੋਰ ਟੋਲ ਪਲਾਜ਼ਾ ਬੰਦ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ-ਕੋਟਕਪੂਰਾ ਮਾਰਗ ’ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਅੱਜ ਬੰਦ ਕਰਵਾ ਦਿੱਤਾ ਹੈ।  ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਪੰਜਾਬ ਸਰਕਾਰ ਇਹ ਦਸਵਾਂ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੀ ਹੈ। ਮਾਨ ਨੇ ਕਿਹਾ ਕਿ ਇਸ ਟੋਲ ਪਲਾਜ਼ੇ ਨਾਲ ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਆਪ ਸਰਕਾਰ ਨੇ ਹੁਣ ਤੱਕ 10 ਟੌਲ ਪਲਾਜ਼ਾ ਬੰਦ ਕਰਵਾ ਚੁੱਕੀ ਹੈ। ੳੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਕਢਵਾਉਂਦੀ ਨਹੀਂ ਸਗੋਂ ਬਚਾਉਂਦੀ ਹੈ। ਪਹਿਲਾਂ ਇਸ ਟੌਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ ਪਰ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਤੈਅ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੌਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ।

 

ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀਡੀ ਅਗਰਵਾਲ ਟੌਲ ਪਲਾਜ਼ਾ ਹੈ। ਇਥੋਂ ਛੋਟੇ ਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ। ਇਸ ਤੋਂ ਕੰਪਨੀ ਨੂੰ ਰੋਜ਼ਾਨਾ 4.50 ਲੱਖ ਦੀ ਆਮਦਨ ਹੋ ਰਹੀ ਸੀ। ਇਸ ਦੇ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਹਰਿਆਣਾ ਤੇ ਰਾਜਸਥਾਨ ਦੇ ਵਾਹਨ ਚਾਲਕਾਂ ਨੂੰ ਵੀ ਫਾਇਦਾ ਹੋਵੇਗਾ। ਵਿਧਾਨ ਸਭਾ ਸਪੀਕਰ ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੂਬਾ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਹੋਵੇਗਾ।

ਦੱਸ ਦਈਏ ਕਿ ਮਾਨ ਸਰਕਾਰ ਨੇ ਹੁਣ ਤੱਕ ਪੰਜਾਬ ਦੇ 9 ਟੋਲ ਬੰਦ ਕਰਵਾਏ ਹਨ ਤੇ ਅੱਜ ਉਹਨਾਂ ਨੇ 10ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ। ਇਸ ਤੋਂ ਪਹਿਲਾਂ ਸੰਗਰੂਰ-ਲੁਧਿਆਣਾ ਰੋਡ ਉਤੇ  2 ਟੋਲ ਪਲਾਜ਼ਾ ਬੰਦ ਕੀਤੇ ਹਨ। ਹੁਸ਼ਿਆਰਪੁਰ ਟਾਂਡਾ ਰੋਡ ਉਤੇ 1 ਟੋਲ ਪਲਾਜ਼ਾ ਬੰਦ ਕੀਤਾ ਹੈ। ਬਲਾਚੌਰ- ਗੜ੍ਹਸ਼ੰਕਰ- ਹੁਸ਼ਿਆਰਪੁਰ ਰੋਡ ਉਤੇ 3 ਟੋਲ ਪਲਾਜ਼ਾ ਬੰਦ ਕੀਤੇ ਹਨ। ਹਾਈ ਲੈਵਲ ਬ੍ਰਿਜ ਮੱਖੂ ਉਤੇ  1 ਟੋਲ ਬੰਦ ਕੀਤਾ ਹੈ , ਕੀਰਤਪੁਰ ਸਾਹਿਬ- ਨੰਗਲ- ਉਨਾ ਰੋਡ ਟੋਲ ਪਲਾਜ਼ਾ ਬੰਦ ਕਰਵਾਇਆ ਹੈ ਅਤੇ ਪਟਿਆਲਾ ਸਮਾਣਾ ਸਟੇਟ ਹਾਈਵੇਅ ‘ਤੇ ਲੱਗਿਆ ਟੋਲ ਵੀ ਬੰਦ ਕਰਵਾਇਆ ਹੈ।