‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਦਾਇਰ ਇਕ ਅਰਜ਼ੀ ਉੱਤੇ ਗੌਰ ਕਰਦਿਆਂ ਤੁਰੰਤ ਮੁਲਜ਼ਮ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ।ਹਾਈਕੋਰਟ ਨੇ ਪੰਜਾਬ ਵਿਜੀਲੈਂਸ ਨੂੰ ਸਵਾਲ ਕੀਤਾ ਹੈ ਕਿ ਆਖਿਰ ਬੁੱਧਵਾਰ ਦੀ ਸ਼ਾਮ ਨੂੰ ਸਾਬਕਾ ਡੀਜੀਪੀ ਨੂੰ ਗ੍ਰਿਫਤਾਰ ਕਿਉਂ ਕੀਤਾ ਹੈ, ਜਦੋਂ ਕਿ ਹਾਈਕੋਰਟ ਨੇ ਸੈਣੀ ਜਮਾਨਤ ਦਿੱਤੀ ਹੋਈ ਸੀ।
ਦੂਜੇ ਬੰਨੇ ਅੱਜ ਮੁਲਜ਼ਮ ਨੂੰ ਮੁਹਾਲੀ ਦੇ ਚੀਫ ਜੁਡੀਸ਼ਲ ਮਜਿਸਟ੍ਰੇਟ ਨੂੰ ਵਿਜੀਲੈਂਸ ਨੇ ਦੱਸਿਆ ਹੈ ਕਿ ਸੁਰਿੰਦਰਜੀਤ ਸਿੰਘ ਨੇ ਸੁਮੇਧ ਨਾਲ ਸਲਾਹ ਕਰਕੇ ਸੈਕਟਰ-20-ਡੀ ਦੇ ਮਕਾਨ 3048 ਨੂੰ ਰੋਕਣ ਲਈ ਪਹਿਲਾਂ ਹੋਏ ਧੰਨ ਲੈਣ-ਦੇਣ ਦੇ ਬਹਾਨੇ ਜਾਅਲੀ ਇਕਰਾਰਨਾਮਾ ਕੀਤਾ ਸੀ। ਇਸਨੂੰ ਵਰਤਿਆ ਵੀ ਗਿਆ ਹੈ। ਇਸ ਕਰਕੇ ਸੁਮੇਧ ਸੈਣੀ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਕੁੱਝ ਹੋਰ ਧਾਰਾਵਾਂ ਦਰਜ ਕਰਕੇ ਗ੍ਰਿਫਤਾਰੀ ਸੰਭਵ ਹੋਈ ਸੀ।
ਇਸ ਤੋਂ ਪਹਿਲਾਂ ਵਿਜੀਲੈਂਸ ਨੇ ਅੱਜ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿਚ ਸਰਕਾਰੀ ਅਤੇ ਮੁਲਜ਼ਮ ਦੇ ਵਕੀਲ ਵਿਚਾਲੇ ਰਿਮਾਂਡ ਨੂੰ ਲੈ ਕੇ ਬਹਿਸ ਹੋਈ ਪਰ ਅਦਾਲਤ ਨੇ ਫੈਸਲਾ ਚਾਰ ਵਜੇ ਤੱਕ ਮੁਲਤਵੀ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਸੈਣੀ ਅਦਾਲਤ ਵਿੱਚ ਹੀ ਬੈਠਾ ਰਹੇਗਾ।
ਦੱਸ ਦਈਏ ਕਿ ਬੇਸ਼ੁਮਾਰ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹਾਈਕੋਰਟ ਨੇ 12 ਅਗਸਤ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ ਤੇ ਨਾਲ ਹੀ ਅਦਾਲਤ ਨੇ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ ਤੇ ਉਸਨੂੰ ਆਪਣਾ ਪਾਸਪੋਰਟ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਸੈਣੀ ਦੇ ਵਿਦੇਸ਼ ਜਾਣ ਉੱਤੇ ਵੀ ਰੋਕ ਲਗਾਈ ਗਈ ਸੀ।