India

ਸਤੰਬਰ ਦੇ ਪਹਿਲੇ ਦਿਨ ਰਾਹਤ, 51.50 ਰੁਪਏ ਸਸਤਾ ਹੋਇਆ LPG ਕਮਰਸ਼ੀਅਲ ਸਿਲੰਡਰ

ਸਤੰਬਰ 2025 ਦੀ ਸ਼ੁਰੂਆਤ ਨਾਲ ਪੰਜਾਬ ਸਮੇਤ ਸਾਰੇ ਦੇਸ਼ ਵਾਸੀਆਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 51.50 ਰੁਪਏ ਦੀ ਕਟੌਤੀ ਕੀਤੀ ਹੈ, ਜੋ 1 ਸਤੰਬਰ 2025 ਤੋਂ ਲਾਗੂ ਹੋ ਗਈ ਹੈ।

ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1631.50 ਰੁਪਏ ਤੋਂ ਘਟ ਕੇ 1580 ਰੁਪਏ, ਕੋਲਕਾਤਾ ਵਿੱਚ 1734.50 ਰੁਪਏ ਤੋਂ 1684 ਰੁਪਏ, ਮੁੰਬਈ ਵਿੱਚ 1582.50 ਰੁਪਏ ਤੋਂ 1531.50 ਰੁਪਏ, ਅਤੇ ਚੇਨਈ ਵਿੱਚ 1789 ਰੁਪਏ ਤੋਂ 1738 ਰੁਪਏ ਹੋ ਗਈ ਹੈ। ਇਹ ਕਟੌਤੀ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਹੋਰ ਵਪਾਰਕ ਸੰਸਥਾਵਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ, ਜੋ ਵਪਾਰਕ ਸਿਲੰਡਰਾਂ ਦੀ ਵਰਤੋਂ ਕਰਦੇ ਹਨ।

ਹਾਲਾਂਕਿ, 14 ਕਿਲੋਗ੍ਰਾਮ ਘਰੇਲੂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਕੀਮਤਾਂ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ, ਅਤੇ ਚੇਨਈ ਵਿੱਚ 868.50 ਰੁਪਏ ’ਤੇ ਸਥਿਰ ਹਨ। ਘਰੇਲੂ ਸਿਲੰਡਰ ਦੀ ਕੀਮਤ ਆਖਰੀ ਵਾਰ 8 ਅਪ੍ਰੈਲ 2025 ਨੂੰ ਬਦਲੀ ਗਈ ਸੀ, ਅਤੇ ਉਦੋਂ ਤੋਂ ਇਹ ਅਡੋਲ ਰਹੀ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਕਮੀ ਦੇਖੀ ਗਈ ਹੈ। ਅਗਸਤ 2025 ਵਿੱਚ 33.50 ਰੁਪਏ ਅਤੇ ਜੁਲਾਈ 2025 ਵਿੱਚ 58 ਰੁਪਏ ਦੀ ਕਟੌਤੀ ਕੀਤੀ ਗਈ ਸੀ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ, ਜੋ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ, ਰੁਪਏ ਦੀ ਸਥਿਤੀ, ਅਤੇ ਬਾਜ਼ਾਰ ਦੀਆਂ ਹੋਰ ਸਥਿਤੀਆਂ ’ਤੇ ਨਿਰਭਰ ਕਰਦੀਆਂ ਹਨ।