’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਨੂੰ ਅੱਜ 20 ਦਿਨ ਹੋ ਚੁੱਕੇ ਹਨ। ਦਿੱਲੀ ਦੇ ਬਾਰਡਰਾਂ ’ਤੇ ਲੱਖਾਂ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਰਚਾ ਲਾ ਕੇ ਬੈਠੇ ਹਨ। ਬੀਜੇਪੀ ਮੰਤਰੀਆਂ ਵੱਲੋਂ ਵਾਰ-ਵਾਰ ਆ ਰਹੇ ਬਿਆਨਾਂ ਤੋਂ ਸਪਸ਼ਟ ਹੈ ਕਿ ਸਰਕਾਰ ਕਾਨੂੰਨ ਵਾਪਸ ਨਹੀਂ ਲਵੇਗੀ। ਇਸੇ ਦੌਰਾਨ ਕਿਸਾਨ ਆਗੂਆਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਕਦਮ ਚੁੱਕਦਿਆਂ ਜੀਓ ਦੇ ਉਤਪਾਦਾਂ ਤੇ ਖ਼ਾਸ ਕਰਕੇ ਰਿਲਾਇੰਸ ਜੀਓ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਜੀਓ ਨੇ ਹੁਣ ਟਰਾਈ ਕੋਲ ਏਅਰਟੈਲ, ਆਈਡੀਆ ਤੇ ਵੋਡਾਫੋਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
#BoycottJioSIM
Till Govt and his boss kneel down. pic.twitter.com/ZknjiQXVyp— Lord Thor 👽 (@Lordthor7) December 14, 2020
ਕਿਸਾਨ ਆਗੂਆਂ ਦੇ ਐਲਾਨ ਮਗਰੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੇ ਮੋਬਾਈਲ ਨੰਬਰਾਂ ਨੂੰ ਜੀਓ ਤੋਂ ਕਿਸੇ ਹੋਰ ਕੰਪਨੀ ‘ਚ ਪੋਰਟ ਕਰਵਾ ਰਹੇ ਹਨ ਜਾਂ ਨੰਬਰ ਨੂੰ ਪੱਕੇ ਤੌਰ ‘ਤੇ ਵੀ ਬੰਦ ਕਰ ਰਹੇ ਹਨ। ਕਿਸਾਨਾਂ ਤੋਂ ਇਲਾਵਾ ਨੌਜਵਾਨ ਅਤੇ ਆਮ ਲੋਕ ਵੀ ਇਸ ਐਲਾਨ ਦਾ ਸਮਰਥਨ ਕਰ ਰਹੇ ਹਨ। ਇਸ ਸਬੰਧੀ ਟਵਿੱਟਰ ‘ਤੇ ਵੀ ਹਰ ਰੋਜ਼ ਬਾਈਕਾਟ ਜੀਓ ਦੇ ਹੈਸ਼ਟੈਗ ਟਰੈਂਡ ਕਰ ਰਹੇ ਹਨ। ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚੋਂ ਵੀ ਵੱਡੀ ਗਿਣਤੀ ‘ਚ ਲੋਕਾਂ ਨੇ ਨੰਬਰ ਪੋਰਟ ਦੇ ਮੈਸੇਜ਼ ਜੀਓ ਕੰਪਨੀ ਨੂੰ ਭੇਜ ਦਿੱਤੇ ਹਨ, ਜਿਸ ਕਰਕੇ ਦੇਸ਼ ਦੇ ਚੋਟੀ ਦੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਚਿੰਤਾ ਸਾਫ਼ ਨਜ਼ਰ ਆਉਣ ਲੱਗ ਪਈ ਹੈ।
ਹੁਣ ਰਿਲਾਇੰਸ ਜੀਓ ਨੇ ਟੈਲੀਕਾਮ ਰੈਗੂਲੇਟਰ (TRAI) ਨੂੰ ਕਿਸਾਨ ਅੰਦੋਲਨ ਵਿੱਚ ਵੋਡਾਫ਼ੋਨ-ਆਈਡੀਆ ਅਤੇ ਭਾਰਤੀ ਏਅਰਟੈਲ ‘ਤੇ ‘ਅਨੈਤਿਕ’ ਤਰੀਕਿਆਂ ਦਾ ਸਹਾਰਾ ਲੈਣ ਦਾ ਦੋਸ਼ ਲਾਉਂਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜੀਓ ਨੇ ਸ਼ਿਕਾਇਤ ਕੀਤੀ ਹੈ ਕਿ ਗਾਹਕਾਂ ਨੂੰ ਰੁਝਾਉਣ ਲਈ ਇਹ ਗਲਤ ਅਫਵਾਹਾਂ ਫੈਲਾ ਰਹੇ ਹਨ ਕਿ ਜੀਓ ਨੂੰ ਖੇਤੀ ਬਿੱਲਾਂ ਤੋਂ ਫ਼ਾਇਦਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਬੀਤੀ 11 ਦਸੰਬਰ ਨੂੰ ਟਰਾਈ ਨੂੰ ਲਿਖੇ ਪੱਤਰ ‘ਚ ਇਹ ਸ਼ਿਕਾਇਤ ਕੀਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਵੋਡਾਫ਼ੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਉੱਤਰੀ ਭਾਰਤੀ ਦੇ ਵੱਖ-ਵੱਖ ਹਿੱਸਿਆਂ ‘ਚ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ‘ਪ੍ਰੋਪੇਗੈਂਡਾ ਕੈਂਪੇਨ’ ਚਲਾ ਰਹੇ ਹਨ।
ਦੱਸ ਦੇਈਏ ਜੀਓ ਸਿੰਮ ਦੇ ਨਾਲ-ਨਾਲ ਕਿਸਾਨ ਜੀਓ ਸਾਵਨ ਅਤੇ ਜੀਓ ਦੇ ਹਰ ਤਰ੍ਹਾਂ ਦੇ ਉਤਪਾਦਾਂ ਤੇ ਸੇਵਾਵਾਂ ਦਾ ਬਾਈਕਾਟ ਕਰਨ ਲਈ ਕਹਿ ਰਹੇ ਹਨ।
ਆਓ ਸਾਰੇ ਰਲ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ Reliance ਦੇ JioSaavn ਦਾ boycott ਕਰੀਏ।
ਸਾਰੇ ਆਪਣੇ ਫੋਨ ਤੋਂ JioSaavn ਹਟਾਵੋ ਅਤੇ ਕਲਾਕਾਰ ਅਤੇ Music Companies ਨੂੰ ਮੈਂਸ਼ਨ ਕਰਕੇ JioSaavn ਨਾਲ ਕਾਂਟਰੈਕਟ ਕੈਂਸਲ ਕਰਨ ਲਈ ਕਹੋ।#Boycott_JioSaavn pic.twitter.com/Iem4fti7LX— Jazzy B (@jazzyb) December 13, 2020
ਜੀਓ ਨੇ ਕਿਹਾ ਹੈ ਕਿ ਕਿਸਾਨ ਅੰਦਲੋਨ ਦੀ ਆੜ ‘ਚ ਫਾਇਦਾ ਲੈਣ ਲਈ ਕੰਪਨੀਆਂ ਝੂਠਾ ਪ੍ਰਚਾਰ ਕਰ ਰਹੀਆਂ ਹਨ। 28 ਸਤੰਬਰ ਨੂੰ ਵੀ ਉਸ ਨੇ ਟਰਾਈ ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟ ਕੀਤਾ ਸੀ ਪਰ ਇਸ ਦੇ ਬਾਵਜੂਦ ਦੋਵੇਂ ਕੰਪਨੀਆਂ ਕਾਨੂੰਨ ਨੂੰ ਦਰਕਿਨਾਰ ਕਰਦੇ ਹੋਏ ਨਕਾਰਾਤਮਕ ਪ੍ਰਚਾਰ ‘ਤੇ ਕਾਇਮ ਹਨ। ਰਿਲਾਇੰਸ ਜੀਓ ਨੇ ਇਸ ਸਬੰਧ ‘ਚ ਟਰਾਈ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।